ਚੰਡੀਗੜ੍ਹ (ਚਰਨਜੀਤ ਭੁੱਲਰ): ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਹੋਣਗੇ। ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ‘ਚ ਮੁਲਾਕਾਤ ਮਗਰੋਂ ਇਹ ਗੱਲ ਆਖੀ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕੀਤਾ ਗਿਆ ਸੀ, ਜਿਸ ਮਗਰੋਂ ਪਾਰਟੀ ਅੰਦਰ ਵਿਵਾਦ ਛਿੜ ਗਿਆ ਸੀ। ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅੱਜ ਪੂਰੀ ਤਰ੍ਹਾਂ ਅਮਰਿੰਦਰ ਸਿੰਘ ਦੇ ਪੱਖ ‘ਚ ਬੋਲਦੇ ਨਜ਼ਰ ਆਏ। ਚਰਚੇ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਬਹਾਲੀ ਲਈ ਵਿਸ਼ੇਸ਼ ਤੌਰ ‘ਤੇ ਅੱਜ ਹਰੀਸ਼ ਰਾਵਤ ਚੰਡੀਗੜ੍ਹ ਪੁੱਜੇ ਹਨ, ਜਿਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਜਦੋਂ ਪੰਜਾਬ ਕੈਬਨਿਟ ਵਿੱਚ ਬਦਲਾਅ ਅਤੇ ਵਿਸਥਾਰ ਬਾਰੇ ਪੁੱਛਿਆ ਗਿਆ ਤਾਂ ਰਾਵਤ ਨੇ ਕਿਹਾ ਕਿ ਸਾਰੀਆਂ ਗੱਲਾਂ ਦਾ ਖ਼ੁਲਾਸਾ ਹਾਲੇ ਨਹੀਂ ਕੀਤਾ ਜਾ ਸਕਦਾ। ਉੱਤਰਾਖੰਡ ਦੇ ਸਿਆਸੀ ਸੰਕਟ ਬਾਰੇ ਹਰੀਸ਼ ਰਾਵਤ ਨੇ ਕਿਹਾ ਕਿ ਭਾਜਪਾ ਨੂੰ ਸਰਕਾਰ ‘ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਭਾਜਪਾ ਨੇ ਸਾਲ 2016 ਵਿੱਚ ਉਨ੍ਹਾਂ ਦੀ ਸਰਕਾਰ ਡੇਗੀ ਸੀ ਅਤੇ ਉਹੀ ਦਲ ਬਦਲੂ ਹੁਣ ਭਾਜਪਾ ਦਾ ਨੁਕਸਾਨ ਕਰ ਰਹੇ ਹਨ।