ਪੰਜਾਬ ਸਣੇ 14 ਸੂਬਿਆਂ ਨੂੰ ਮਾਲੀਆ ਘਾਟੇ ਲਈ 6194 ਕਰੋੜ ਰੁਪਏ ਦੀ ਗਰਾਂਟ ਜਾਰੀ


ਨਵੀਂ ਦਿੱਲੀ, 10 ਮਾਰਚ

ਕੇਂਦਰੀ ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਪੰਜਾਬ ਸਣੇ 14 ਸੂਬਿਆਂ ਨੂੰ 6,194 ਕਰੋੜ ਰੁਪਏ ਦੀ ਮਾਲੀਆ ਘਾਟਾ ਗਰਾਂਟ ਦੀ 12ਵੀਂ ਅਤੇ ਅੰਤਿਮ ਕਿਸ਼ਤ ਜਾਰੀ ਕਰ ਦਿੱਤੀ ਹੈ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਇਸ ਕਿਸ਼ਤ ਦੇ ਜਾਰੀ ਹੋਣ ਨਾਲ ਚਾਲੂ ਵਿੱਤੀ ਸਾਲ ਦੌਰਾਨ ਮਾਲੀਆ ਘਾਟਾ ਪੂਰਨ ਲਈ ਦਿੱਤੀ ਜਾਣ ਵਾਲੀ (ਪੀਡੀਆਰਡੀ) ਗਰਾਂਟ ਤਹਿਤ ਯੋਗ ਸੂਬਿਆਂ ਨੂੰ ਕੁੱਲ 74,340 ਕਰੋੜ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ। ਸੂਬਿਆਂ ਦੇ ਪਿਛਲੇ ਮਾਲੀਆ ਘਾਟੇ ਦਾ ਪਾੜਾ ਘਟਾਉਣ ਲਈ ਪੰਜਵੇਂ ਵਿੱਤ ਕਮਿਸ਼ਨ ਨੇ 14 ਸੂਬਿਆਂ ਨੂੰ ਗਰਾਂਟ ਜਾਰੀ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਮਾਲੀਆ ਘਾਟਾ ਉਦੋਂ ਹੁੰਦਾ ਹੈ, ਜਦੋਂ ਸਰਕਾਰ ਦੇ ਕੁੱਲ ਖ਼ਰਚ ਉਸ ਦੀ ਅੰਦਾਜ਼ਨ ਆਮਦਨ ਤੋਂ ਵੱਧ ਹੁੰਦੇ ਹਨ। ਖ਼ਰਚ ਅਤੇ ਕਮਾਈ ਦੇ ਇਸ ਫ਼ਰਕ ਨੂੰ ਘੱਟ ਕਰਨ ਲਈ ਸਰਕਾਰ ਨੂੰ ਉਧਾਰ ਲੈਣਾ ਪੈਂਦਾ ਹੈ। ਸੂਬੇ ਦੀ ਆਮਦਨ ਅਤੇ ਖ਼ਰਚੇ ਦੇ ਮੁਲਾਂਕਣ ਵਿਚਕਾਰ ਪਾੜੇ ਦੇ ਆਧਾਰ ‘ਤੇ ਵਿੱਤ ਕਮਿਸ਼ਨ ਗਰਾਂਟ ਦਾ ਕਿੰਨਾ ਹਿੱਸਾ ਦੇਣਾ ਹੈ, ਦੀ ਸਿਫ਼ਾਰਿਸ਼ ਕਰਦਾ ਹੈ। ਕੇਂਦਰ ਸਰਕਾਰ ਨੇ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਆਧਾਰਤ ‘ਤੇ 14 ਸੂਬਿਆਂ ਨੂੰ 100 ਫ਼ੀਸਦੀ ਗਰਾਂਟ ਜਾਰੀ ਕਰ ਦਿੱਤੀ ਹੈ। ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼, ਅਸਾਮ, ਹਿਮਾਚਲ ਪ੍ਰਦੇਸ਼, ਕੇਰਲ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਤਾਮਿਲਨਾਡੂ, ਤ੍ਰਿਪੁਰਾ, ਉਤਰਾਖੰਡ ਅਤੇ ਪੱਛਮੀ ਬੰਗਾਲ ਨੂੰ ਮਾਲੀ ਘਾਟੇ ਨੂੰ ਪੂਰਨ ਲਈ ਗਰਾਂਟ ਜਾਰੀ ਕੀਤੀ ਗਈ ਹੈ।



Source link