ਕੋਲਕਾਤਾ, 11 ਮਾਰਚ
ਤ੍ਰਿਣਮੂਲ ਕਾਂਗਰਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਢੁੱਕਵੀਂ ਸੁਰੱਖਿਆ ਦੇਣ ‘ਚ ਨਾਕਾਮ ਰਹਿਣ ਬਦਲੇ ਚੋਣ ਕਮਿਸ਼ਨ ਨੂੰ ਭੰਡਿਆ ਹੈ। ਮਮਤਾ ਬੈਨਰਜੀ ਲੰਘੇ ਦਿਨ ਨੰਦੀਗ੍ਰਾਮ ਵਿੱਚ ਚੋਣ ਪ੍ਰਚਾਰ ਦੌਰਾਨ ਕੁਝ ਵਿਅਕਤੀਆਂ ਵੱਲੋਂ ਕਥਿਤ ‘ਧੱਕਾ’ ਦਿੱਤੇ ਜਾਣ ਕਾਰਨ ਫੱਟੜ ਹੋ ਗਏ ਸਨ। ਟੀਐੱਮਸੀ ਨੇ ਕਿਹਾ ਕਿ ਇਸ ਵੇਲੇ ਪੱਛਮੀ ਬੰਗਾਲ ‘ਚ ਅਮਨ ਤੇ ਕਾਨੂੰਨ ਦੀ ਕਮਾਨ ਚੋਣ ਕਮਿਸ਼ਨ ਹੱਥ ਹੈ, ਲਿਹਾਜ਼ਾ ਉਹ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਇਸ ਦੌਰਾਨ ਟੀਐੱਮਸੀ ਆਗੂ ਸ਼ੇਖ ਸੂਫ਼ੀਆਨ ਦੀ ਸ਼ਿਕਾਇਤ ‘ਤੇ ਪੁਲੀਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਹੋਏ ਹਮਲੇ ਲਈ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਬਿਰੁਲੀਆ ਬਾਜ਼ਾਰ ਇਲਾਕੇ ਦਾ ਦੌਰਾ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਉਧਰ ਮਮਤਾ ‘ਤੇ ਹਮਲੇ ਦੇ ਵਿਰੋਧ ‘ਚ ਬੰਗਾਲ ਵਿੱਚ ਵੱਖ ਵੱਖ ਥਾਈਂ ਪ੍ਰਦਰਸ਼ਨ ਕੀਤੇ ਗਏ ਹਨ।
ਤ੍ਰਿਣਮੂਲ ਕਾਂਗਰਸ ਨੇ ਹਮਲੇ ਨੂੰ ਪਾਰਟੀ ਸੁਪਰੀਮੋ ਨੂੰ ਮਾਰਨ ਦੀ ਡੂੰਘੀ ਸਾਜ਼ਿਸ਼ ਦੱਸਦਿਆਂ ਕਿਹਾ ਕਿ ਨੰਦੀਗ੍ਰਾਮ ਵਿਚ ਹਿੰਸਾ ਲਈ ਭਾਜਪਾ ਵੱਲੋਂ ਗੁਆਂਢੀ ਰਾਜਾਂ ਤੋਂ ਗੈਰ-ਸਮਾਜੀ ਅਨਸਰ ਲਿਆਂਦੇ ਗਏ ਹਨ। ਤ੍ਰਿਣਮੂਲ ਕਾਂਗਰਸ ਦੇ ਸਕੱਤਰ ਜਨਰਲ ਪਾਰਥਾ ਚੈਟਰਜੀ ਨੇ ਕਿਹਾ, ‘ਬੰਗਾਲ ਵਿੱਚ ਅਮਨ ਤੇ ਕਾਨੂੰਨ ਦਾ ਮੰਦਾ ਹਾਲ ਹੈ। ਚੋਣਾਂ ਦੇ ਐਲਾਨ ਮਗਰੋਂ ਅਮਨ ਤੇ ਕਾਨੂੰਨ ਦੀ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ। ਚੋਣ ਕਮਿਸ਼ਨ ਵੱਲੋਂ ਸੂਬੇ ਦੇ ਡੀਜੀਪੀ ਨੂੰ ਹਟਾਉਣ ਤੋਂ ਅਗਲੇ ਦਿਨ ਹੀ ਮੁੱਖ ਮੰਤਰੀ ‘ਤੇ ਹਮਲਾ ਹੋ ਗਿਆ। ਕਮਿਸ਼ਨ ਭਾਜਪਾ ਆਗੂਆਂ ਦੇ ਹੁਕਮਾਂ ‘ਤੇ ਕੰਮ ਕਰ ਰਿਹਾ ਹੈ।’ ਪਾਰਥਾ ਚੈਟਰਜੀ ਦੀ ਅਗਵਾਈ ‘ਚ ਟੀਐੱਮਸੀ ਮੈਂਬਰਾਂ ਦਾ ਵਫ਼ਦ ਚੋਣ ਕਮਿਸ਼ਨ ਨੂੰ ਮਿਲਿਆ ਤੇ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਵਫ਼ਦ ਵਿੱਚ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਤੇ ਚੰਦਰਿਮਾ ਭੱਟਾਚਾਰੀਆ ਵੀ ਸ਼ਾਮਲ ਸਨ। ਓ’ਬ੍ਰਾਇਨ ਨੇ ਕਿਹਾ, ‘9 ਮਾਰਚ ਨੂੰ ਡੀਜੀਪੀ ਨੂੰ ਹਟਾਇਆ ਜਾਂਦਾ ਹੈ। ਭਾਜਪਾ ਸੰਸਦ ਮੈਂਬਰ ਸੋਸ਼ਲ ਮੀਡੀਆ ‘ਤੇ ਪੋਸਟ ਪਾਉਂਦਾ ਹੈ ਕਿ ‘ਤੁਸੀਂ ਵੇਖੋਗੇ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਕੀ ਹੁੰਦਾ ਹੈ। ਮਹਿਲਾ ਮੁੱਖ ਮੰਤਰੀ ਦੀ ਸੁਰੱਖਿਆ ਘਟਾ ਦਿੱਤੀ ਜਾਂਦੀ ਹੈ ਤੇ ਫਿਰ ਉਨ੍ਹਾਂ ‘ਤੇ ਹਮਲਾ ਹੁੰਦਾ ਹੈ।’ ਇਸ ਦੌਰਾਨ ਭਾਜਪਾ ਦੇ ਇਕ ਵਫ਼ਦ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਭਾਜਪਾ ਆਗੂ ਸਬਿਆਸਾਚੀ ਦੱਤਾ ਨੇ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਸਾਡੀ ਮੁੱਖ ਮੰਤਰੀ ਜਲਦੀ ਸਿਹਤਯਾਬ ਹੋਵੇ। ਉਨ੍ਹਾਂ ਕੁਝ ਲੋਕਾਂ ਵੱਲੋਂ ਧੱਕਾ ਮਾਰੇ ਜਾਣ ਦਾ ਦਾਅਵਾ ਕੀਤਾ ਹੈ, ਅਸੀਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ ਵਿਆਪਕ ਜਾਂਚ ਹੋਵੇ ਕਿਉਂਕਿ ਚੋਣ ਕਮਿਸ਼ਨ ਦਾ ਵੱਕਾਰ ਦਾਅ ‘ਤੇ ਹੈ।’ ਦੱਤਾ ਨੇ ਕਿਹਾ ਕਿ ਬੁੱਧਵਾਰ ਦੀ ਘਟਨਾ ਸੰਕੇਤ ਹੈ ਕਿ ਸੂਬੇ ‘ਚ ਅਮਨ ਤੇ ਕਾਨੂੰਨ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਉਧਰ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਮਮਤਾ ਬੈਨਰਜੀ ‘ਤੇ ਹੋੲੇ ਹਮਲੇ ਦੀ ਸੀਬੀਆਈ ਜਾਂਚ ਮੰਗੀ ਹੈ। ਘੋਸ਼ ਨੇ ਕਿਹਾ ਕਿ ਇਹ ਵੇਖਣਾ ਹੋਵੇਗਾ ਕਿ ਇਹ ਪੂਰੀ ਘਟਨਾ ਵੋਟਾਂ ਹਾਸਲ ਕਰਨ ਲਈ ਕੀਤਾ ‘ਡਰਾਮਾ’ ਤਾਂ ਨਹੀਂ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਅਜਿਹਾ ‘ਡਰਾਮਾ’ ਪਹਿਲਾਂ ਵੀ ਵੇਖ ਚੁੱਕੇ ਹਨ।
ਇਸ ਦੌਰਾਨ ਐੱਸਐੱਸਕੇਐੱਮ ਹਸਪਤਾਲ, ਜਿੱਥੇ ਮੁੱਖ ਮੰਤਰੀ ਜ਼ੇਰੇ ਇਲਾਜ ਹਨ, ਨੇ ਸਿਹਤ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਮਮਤਾ ਬੈਨਰਜੀ ਦੇ ਖੱਬੀ ਲੱਤ, ਲੱਕ, ਮੋਢੇ ਤੇ ਗਰਦਨ ‘ਤੇ ਸੱਟ ਲੱਗੀ ਹੈ। ਸੀਨੀਅਰ ਡਾਕਟਰ ਨੇ ਕਿਹਾ ਕਿ ਸ਼ੁਰੂਆਤੀ ਮੈਡੀਕਲ ਟੈਸਟਾਂ ਮੁਤਾਬਕ ਮੁੱਖ ਮੰਤਰੀ ਦੇ ਖੱਬੇ ਗਿੱਟੇ ਤੇ ਪੈਰ ਦੀ ਹੱਡੀ ‘ਤੇ ਸੱਟ ਲੱਗੀ ਹੈ। ਇਸੇ ਤਰ੍ਹਾਂ ਸੱਜੇ ਮੋਢੇ, ਬਾਂਹ ਦੇ ਅਗਲੇ ਹਿੱਸੇ ਤੇ ਗਰਦਨ ‘ਤੇ ਵੀ ਸੱਟ ਦੇ ਨਿਸ਼ਾਨ ਹਨ। ਇਸ ਦੌਰਾਨ ਬੈਨਰਜੀ ਨੇ ਛਾਤੀ ‘ਚ ਦਰਦ ਤੇ ਸਾਹ ਲੈਣ ‘ਚ ਤਕਲੀਫ਼ ਦੀ ਵੀ ਸ਼ਿਕਾਇਤ ਕੀਤੀ ਹੈ, ਜਿਸ ਮਗਰੋਂ ਡਾਕਟਰਾਂ ਦੀ ਇਕ ਟੀਮ ਵੱਲੋਂ ਅਗਲੇ 48 ਘੰਟੇ ਲਈ ਉਨ੍ਹਾਂ ਦੀ ਸਿਹਤ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪੱਛਮੀ ਬੰਗਾਲ ਦੀ ਆਪਣੀ ਹਮਰੁਤਬਾ ਮਮਤਾ ਬੈਨਰਜੀ ਦੀ ਸਿਹਤ ਨੂੰ ਲੈ ਕੇ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ। ਪਟਨਾਇਕ ਨੇ ਇਕ ਟਵੀਟ ‘ਚ ਬੈਨਰਜੀ ਦੇ ਜਲਦੀ ਤੰਦਰੁਸਤ ਹੋਣ ਦੀ ਦੁਆ ਕੀਤੀ ਹੈ।
ਉਧਰ ਤ੍ਰਿਣਮੂਲ ਕਾਂਗਰਸ ਵਰਕਰਾਂ ਨੇ ਮਮਤਾ ਬੈਨਰਜੀ ‘ਤੇ ਹਮਲੇ ਦੇ ਵਿਰੋਧ ਵਿੱਚ ਪੱਛਮੀ ਬੰਗਾਲ ਦੇ ਵੱਖ ਵੱਖ ਹਿੱਸਿਆਂ ‘ਚ ਰੈਲੀਆਂ ਕੀਤੀਆਂ। ਪ੍ਰਦਰਸ਼ਨਕਾਰੀਆਂ ਨੇ ਕੋਲਕਾਤਾ, ਨੌਰਥ 24 ਪਰਗਣਾ, ਹੁਗਲੀ, ਹਾਵੜਾ, ਬੀਰਭੂਮ, ਦੱਖਣੀ 24 ਪਰਗਣਾ, ਜਲਪਾਇਗੁੜੀ ਜ਼ਿਲ੍ਹਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਤੇ ਕੁਝ ਖੇਤਰਾਂ ‘ਚ ਰਸਤੇ ਵੀ ਜਾਮ ਕੀਤੇ। ਉਨ੍ਹਾਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਨੰਦੀਗ੍ਰਾਮ ਦੇ ਬਿਰੁਲੀਆ ਵਿੱਚ ਟੀਐੱਮਸੀ ਕਾਰਕੁਨਾਂ ਤੇ ਭਾਜਪਾ ਦੇ ਕੁਝ ਵਰਕਰਾਂ ਵਿਚਾਲੇ ਝੜੱਪ ਵੀ ਹੋਈ, ਪਰ ਪੁਲੀਸ ਨੇ ਜਲਦੀ ਹੀ ਹਾਲਾਤ ‘ਤੇ ਕਾਬੂ ਪਾ ਲਿਆ। ਟੀਐੱਮਸੀ ਵਰਕਰਾਂ ਨੇ ਬੈਨਰਜੀ ਦੇ ਜਲਤੀ ਸਿਹਤਯਾਬ ਹੋਣ ਲਈ ਮੰਦਰਾਂ ਤੇ ਮਜ਼ਾਰਾਂ ਵਿੱਚ ਦੁਆ ਵੀ ਕੀਤੀ। -ਪੀਟੀਆਈ
ਮਮਤਾ ਦੀ ਖ਼ਬਰਸਾਰ ਲਈ ਹਸਪਤਾਲ ਪੁੱਜੇ ਭਾਜਪਾ ਆਗੂ
ਕੋਲਕਾਤਾ: ਇਥੇ ਐੱਸਐੱਸਕੇਐੱਮ ਹਸਪਤਾਲ ਵਿੱਚ ਜ਼ੇਰੇ ਇਲਾਜ ਮੁੱਖ ਮੰਤਰੀ ਦਾ ਹਾਲ ਚਾਲ ਪੁੱਛਣ ਲਈ ਭਾਜਪਾ ਆਗੂਆਂ ਦਾ ਵਫ਼ਦ ਪੁੱਜਾ। ਵਫ਼ਦ ਵਿੱਚ ਸ਼ਾਮਲ ਤ੍ਰਿਪੁਰਾ ਤੇ ਮੇਘਾਲਿਆ ਦੇ ਸਾਬਕਾ ਰਾਜਪਾਲ ਤਥਾਗਤ ਰਾਓ ਤੇ ਪੱਛਮੀ ਬੰਗਾਲ ਭਾਜਪਾ ਦੇ ਤਰਜਮਾਨ ਸਾਮਿਕ ਭੱਟਾਚਾਰੀਆ ਮੈਡੀਕਲ ਕਾਰਨਾਂ ਕਰਕੇ ਟੀਐੱਮਸੀ ਮੁਖੀ ਨੂੰ ਨਹੀਂ ਮਿਲ ਸਕੇ।
ਤ੍ਰਿਣਮੂਲ ਕਾਂਗਰਸ ਨੇ ਚੋਣ ਮੈਨੀਫੈਸਟੋ ਦੀ ਰਿਲੀਜ਼ ਅੱਗੇ ਪਾਈ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਨੇ ਮੁੱਖ ਮੰਤਰੀ ‘ਤੇ ਹੋਏ ਕਥਿਤ ਹਮਲੇ ਮਗਰੋਂ ਪਾਰਟੀ ਦਾ ਚੋਣ ਮੈਨੀਫੈਸਟੋ ਰਿਲੀਜ਼ ਕਰਨ ਦੇ ਅਮਲ ਨੂੰ ਮੁਲਤਵੀ ਕਰ ਦਿੱਤਾ ਹੈ। ਪਾਰਟੀ ਸੁਪਰੀਮੋ ਮਮਤਾ ਬੈਨਰਜੀ ਵੱਲੋਂ ਪਹਿਲਾਂ ਮਿੱਥੇ ਮੁਤਾਬਕ ਚੋਣ ਮੈਨੀਫੈਸਟੋ ਅੱਜ ਦੁਪਹਿਰੇ ਆਪਣੀ ਕਾਲੀਘਾਟ ਸਥਿਤ ਰਿਹਾਇਸ਼ ‘ਤੇ ਰਿਲੀਜ਼ ਕੀਤਾ ਜਾਣਾ ਸੀ। ਸੀਨੀਅਰ ਪਾਰਟੀ ਆਗੂ ਨੇ ਕਿਹਾ ਚੋਣ ਮੈਨੀਫੈਸਟੋ ਹੁਣ ਮਮਤਾ ਬੈਨਰਜੀ ਦੇ ਸਿਹਤਯਾਬ ਹੋਣ ਤੇ ਘਰ ਪਰਤਣ ਮਗਰੋਂ ਰਿਲੀਜ਼ ਕੀਤਾ ਜਾਵੇਗਾ।
ਮਮਤਾ ਵੱਲੋਂ ਪਾਰਟੀ ਵਰਕਰਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ
ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਹਮਾਇਤੀਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਅਜਿਹਾ ਕੋਈ ਕੰਮ ਨਾ ਕਰਨ ਜਿਸ ਨਾਲ ਆਮ ਲੋਕਾਂ ਨੂੰ ਤਕਲੀਫ਼ ਹੋਵੇ। ਹਸਪਤਾਲ ਦੇ ਬੈੱਡ ਤੋਂ ਜਾਰੀ ਇਕ ਮਿੰਟ ਤੋਂ ਵੱਧ ਦੇ ਵੀਡੀਓ ਸੁਨੇਹੇ ਵਿੱਚ ਬੈਨਰਜੀ ਨੇ ਕਿਹਾ ਕਿ ਉਹ ਅਗਲੇ ਕੁਝ ਦਿਨਾਂ ‘ਚ ਚੋਣ ਮੈਦਾਨ ‘ਚ ਨਿੱਤਰਨਗੇ ਤੇ ਲੋੜ ਪਈ ਤਾਂ ਵ੍ਹੀਲਚੇਅਰ ਵਰਤ ਸਕਦੇ ਹਨ।
ਭਾਜਪਾ ਲੋਕਾਂ ਦੀ ਤਾਕਤ ਵੇਖਣ ਲਈ ਤਿਆਰ ਰਹੇ: ਅਭਿਸ਼ੇਕ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਲੰਘੀ ਰਾਤ ਟਵਿੱਟਰ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਇਕ ਤਸਵੀਰ ਸਾਂਝੀ ਕਰਦਿਆਂ ਭਾਜਪਾ ਨੂੰ 2 ਮਈ ਲਈ ਤਿਆਰ ਰਹਿਣ ਦੀ ਚੁਣੌਤੀ ਦਿੱਤੀ ਹੈ। ਤਸਵੀਰ ਵਿੱਚ ਬੈਨਰਜੀ ਕੋਲਕਾਤਾ ਦੇ ਹਸਪਤਾਲ ਵਿੱਚ ਲੱਤ ‘ਤੇ ਪਲੱਸਤਰ ਦੇ ਨਾਲ ਨਜ਼ਰ ਆ ਰਹੇ ਹਨ। ਅਭਿਸ਼ੇਕ ਨੇ ਟਵੀਟ ਕੀਤਾ, ‘ਭਾਜਪਾ ਬੰਗਾਲ ਦੇ ਲੋਕਾਂ ਦੀ ਤਾਕਤ ਵੇਖਣ ਲਈ ਕਮਰਕੱਸ ਲਵੇ। ਐਤਵਾਰ 2 ਮਈ ਲਈ ਤਿਆਰ ਰਹੋ!!!’
ਤ੍ਰਿਣਮੂਲ ਕਾਂਗਰਸ ਵੱਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ ਅੱਜ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਇਕ ਵਫ਼ਦ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲ ਕੇ ਪਾਰਟੀ ਸੁਪਰੀਮੋ ‘ਤੇ ਹੋਏ ਕਥਿਤ ਹਮਲੇ ਦੇ ਮੁੱਦੇ ਨੂੰ ਉਠਾਏਗਾ। ਪਾਰਟੀ ਸੂਤਰਾਂ ਨੇ ਕਿਹਾ ਕਿ ਦੋਵਾਂ ਸਦਨਾਂ ਨਾਲ ਸਬੰਧਤ ਟੀਐੱਮਸੀ ਦੇ 6 ਮੈਂਬਰ ਭਲਕੇ ਚੋਣ ਕਮਿਸ਼ਨ ਨੂੰ ਮਿਲਣ ਵਾਲੇ ਵਫ਼ਦ ਵਿੱਚ ਸ਼ਾਮਲ ਹੋਣਗੇ। -ਪੀਟੀਆਈ