ਸਿੱਖਸ ਫਾਰ ਜਸਟਿਸ ਵੱਲੋਂ ਕਿਸਾਨ ਭਰਮਾਉ ਮੁਹਿੰਮ: ਸੰਘਰਸ਼ ’ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਦੇਣ ਦਾ ਐਲਾਨ


ਮਹਿੰਦਰ ਸਿੰਘ ਰੱਤੀਆਂ

ਮੋਗਾ, 12 ਮਾਰਚ

ਪਾਬੰਦੀਸ਼ੁਦਾ ਵੱਖਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਕਿਸਾਨਾਂ ਨੂੰ ਲੁਭਾਉਣ ਦੀ ਮੁਹਿੰਮ ਚਲਾ ਦਿੱਤੀ ਹੈ। ਦਿੱਲੀ ਮੋਰਚੇ ‘ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ ਲੱਖ ਰੁਪਏ ਅਤੇ ਜ਼ਖ਼ਮੀ ਕਿਸਾਨ ਨੂੰ 25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਐੱਸਐੱਫਜੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੀ ਲਾਈਵ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ਆਖ ਰਿਹਾ ਹੈ ਕਿ ਕਿਸਾਨਾਂ ਦੇ ਦਿੱਲੀ ਵਿਖੇ ਮੋਰਚੇ ਦੇ 100 ਦਿਨ ਪੂਰੇ ਹੋ ਚੁੱਕੇ ਹਨ। ਦਿੱਲੀ ਬਾਰਡਰਾਂ ਉੱਤੇ 300 ਤੋਂ ਵੱਧ ਕਿਸਾਨ ਪੂਰੇ (ਸ਼ਹੀਦ) ਹੋ ਚੁੱਕੇ ਹਨ ਅਤੇ ਸ਼ਹੀਦ ਕਿਸਾਨਾਂ ਦੀ ਸੂਬੇ ‘ਚ ਗਿਣਤੀ 1700 ਤੋਂ ਵੱਧ ਹੈ, ਜਿਨ੍ਹਾਂ ਮੋਰਚਾ ਲਾਇਆ ਸੀ ਅੱਜ ਉਹ ਸਟੇਜਾਂ ਛੱਡ ਕੇ ਦੂਜੇ ਰਾਜਾਂ ਵਿੱਚ ਜਾ ਕੇ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ। ਕਿਸਾਨਾਂ ਦੀਆਂ ਮੌਤਾਂ ਉੱਤੇ ਰਾਜਨੀਤੀ ਹੋ ਰਹੀ ਹੈ। ਕਿਸਾਨੀ ਮੋਰਚੇ ‘ਚ ਸ਼ਹੀਦ ਕਿਸਾਨ ਦੇ ਪਰਿਵਾਰਾਂ ਨੂੰ ਇੱਕ ਲੱਖ ਰੁਪਏ ਅਤੇ ਜ਼ਖ਼ਮੀ ਕਿਸਾਨ ਨੂੰ 25 ਹਜ਼ਾਰ ਰੁਪਏ ਐੱਸਐੱਫਜ ਵੱਲੋਂ ਦੇਣ ਦਾ ਐਲਾਨ ਕੀਤਾ ਹੈ। ਇਸ ਲਈ ਜਥੇਬੰਦੀ ਵੱਲੋਂ ਸਾਈਟ ਰਿਪੋਰਟ 2 ਯੂਐੱਨਓਆਰਜੀ ਬਣਾਈ ਗਈ ਹੈ। ਸ਼ਹੀਦ ਕਿਸਾਨ ਦੇ ਪਰਿਵਾਰਕ ਮੈਂਬਰ ਜਾਂ ਜਖ਼ਮੀ ਸਾਈਟ ਉੱਤੇ ਮੁਆਵਜ਼ੇ ਲਈ ਫ਼ਾਰਮ ਭਰਨ ਅਤੇ ਕਲਿੱਕ ਕਰਨ ਉੱਤੇ ਡਾਟਾ ਯੂਐੱਨ ਕੋਲ ਪੁੱਜੇਗਾ। ਉਹ ਇਹ ਡਾਟਾ ਆਉਣ ਉੱਤੇ ਯੂਐੱਨ ਤੋਂ ਕਮਿਸ਼ਨ ਆਫ਼ ਇਨਕੁਆਰੀ ਬਣਾਉਣ ਦੀ ਮੰਗ ਕਰਨਗੇ ਅਤੇ ਮੋਦੀ ਸਰਕਾਰ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਲਈ ਜਵਾਬ ਦੇਹ ਬਣਾਉਣ ਲਈ ਮਜ਼ਬੂਰ ਕੀਤਾ ਜਾ ਸਕੇ। ਉਸ ਨੇ ਅੰਤ ਵਿੱਚ ਕਿਹਾ ਕਿ ਕਿਸਾਨੀ ਮਸਲੇ ਦਾ ਹੱਲ ਖਾਲਿਸਤਾਨ ਹੈ।



Source link