ਨਵੀਂ ਦਿੱਲੀ, 13 ਮਾਰਚਸਰਕਾਰੀ ਵਿਭਾਗ 1 ਅਪਰੈਲ 2022 ਤੋਂ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਦੀ ਰਜਿਸਟਰੇਸ਼ਨ ਦਾ ਨਵੀਨੀਕਰਣ ਨਹੀਂ ਕਰ ਸਕਣਗੇ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਬਾਰੇ ਤਜਵੀਜ਼ ਰੱਖੀ ਹੈ। ਜੇ ਇਸ ਨੂੰ ਅੰਤਮ ਰੂਪ ਦਿੱਤਾ ਜਾਂਦਾ ਹੈ ਤਾਂ ਇਹ ਨਿਯਮ ਲਾਗੂ ਹੋ ਜਾਣਗੇ। ਮੰਤਰਾਲੇ ਨੇ ਇਸ ਸਬੰਧੀ ਨਿਯਮਾਂ ਵਿਚ ਸੋਧ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਸਬੰਧਤ ਧਿਾਰਾਂ ਤੋਂ ਟਿਪਣੀਆਂ ਮੰਗੀਆਂ ਹਨ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਇਕ ਵਾਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਣ ਤੋਂ ਬਾਅਦ ਇਹ ਨਿਯਮ ਕੇਂਦਰ ਅਤੇ ਰਾਜ ਸਰਕਾਰਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ, ਜਨਤਕ ਇਕਾਈਆਂ, ਮਿਉਂਸਪਲ ਬਾਡੀਜ਼ ਅਤੇ ਖੁਦਮੁਖਤਿਆਰ ਸੰਸਥਾਂ ‘ਤੇ ਲਾਗੂ ਹੋ ਜਾਣਗੇ। ਇਸ ਤੋਂ ਪਹਿਲਾਂ 1 ਫਰਵਰੀ ਨੂੰ ਪੇਸ਼ ਕੀਤੇ ਆਮ ਬਜਟ ਵਿੱਚ ਸਰਕਾਰ ਨੇ ਵਾਹਨ ਕਬਾੜ ਨੀਤੀ ਦਾ ਐਲਾਨ ਕੀਤਾ ਸੀ। ਇਸ ਤਹਿਤ ਨਿੱਜੀ ਵਾਹਨਾਂ ਦੇ 20 ਸਾਲ ਅਤੇ ਵਪਾਰਕ ਵਾਹਨਾਂ ਲਈ 15 ਸਾਲ ਬਾਅਦ ਫਿਟਨੈੱਸ ਸਰਟੀਫਿਕੇਟ ਦੀ ਲੋੜ ਹੋਵੇਗੀ। ਮੰਤਰਾਲੇ ਨੇ 12 ਮਾਰਚ ਨੂੰ ਨਿਯਮਾਂ ਦੇ ਖਰੜੇ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।