ਨਵੀਂ ਦਿੱਲੀ, 12 ਮਾਰਚ
ਭਾਰਤ ਤੇ ਚੀਨ ਨੇ ਅੱਜ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਬਕਾਇਆ ਮੁੱਦਿਆਂ ਨੂੰ ਮੁਖਾਤਿਬ ਹੁੰਦਿਆਂ ‘ਡੂੰਘੀ’ ਵਿਚਾਰ ਚਰਚਾ ਕੀਤੀ। ਭਾਰਤ ਨੇ ਪਹਾੜੀ ਖਿੱਤੇ ‘ਚ ਤਲਖੀ ਘਟਾਉਣ ਲਈ ਹੌਟ ਸਪਰਿੰਗਜ਼, ਗੋਗਰਾ ਤੇ ਦੇਪਸਾਂਗ ਖੇਤਰਾਂ ‘ਚੋਂ ਫੌਜਾਂ ਨੂੰ ਜਲਦੀ ਹੀ ਪਿੱਛੇ ਹਟਾਉਣ ‘ਤੇ ਜ਼ੋਰ ਦਿੱਤਾ। ਗੱਲਬਾਤ ਦੌਰਾਨ ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ‘ਚ ਵਧੀਕ ਸਕੱਤਰ (ਪੂਰਬੀ ਏਸ਼ੀਆ) ਨੇ ਕੀਤੀ ਜਦੋਂਕਿ ਚੀਨੀ ਵਫ਼ਦ ਚੀਨ ਦੇ ਵਿਦੇਸ਼ ਮੰਤਰਾਲੇ ‘ਚ ਸਰਹੱਦਾਂ ਤੇ ਸਾਗਰਾਂ ਬਾਰੇ ਵਿਭਾਗ ਦੇ ਡਾਇਰੈਕਟਰ ਜਨਰਲ ਦੀ ਸਰਪ੍ਰਸਤੀ ‘ਚ ਸ਼ਾਮਲ ਹੋਇਆ। ਗੱਲਬਾਤ ਦੌਰਾਨ ਦੋਵਾਂ ਮੁਲਕਾਂ ਨੇ ਮੰਨਿਆ ਕਿ ਪੈਂਗੌਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢਿਆਂ ਤੋਂ ਆਪੋ-ਆਪਣੀਆਂ ਫੌਜਾਂ ਨੂੰ ਪਿੱਛੇ ਹਟਾਉਣ ਦੇ ਫੈਸਲੇ ਨੇ ਦੋਵਾਂ ਮੁਲਕਾਂ ‘ਚ ਬਣੀ ਕਸ਼ੀਦਗੀ ਨੂੰ ਘਟਾਉਣ ਲਈ ਇਕ ਚੰਗਾ ਆਧਾਰ ਮੁਹੱਈਆ ਕੀਤਾ ਹੈ। ਇਸ ਦੌਰਾਨ ਦੋਵਾਂ ਮੁਲਕਾਂ ਨੇ ਸਹਿਮਤੀ ਦਿੱਤੀ ਕਿ ਉਹ ਜ਼ਮੀਨੀ ਪੱਧਰ ‘ਤੇ ਸਥਿਰਤਾ ਨੂੰ ਕਾਇਮ ਰੱਖਣਗੇ ਤੇ ਕਿਸੇ ਵੀ ਅਣਸੁਖਾਵੀਂ ਘਟਨਾ/ਟਕਰਾਅ ਤੋਂ ਬਚਣਗੇ। ਉਂਜ ਅੱਜ ਦੀ ਗੱਲਬਾਤ ਭਾਰਤ-ਚੀਨ ਸਰਹੱਦੀ ਮਾਮਲਿਆਂ ਲਈ ਬਣੇ ਸਲਾਹ-ਮਸ਼ਵਰੇ ਤੇ ਤਾਲਮੇਲ ਬਾਰੇ ਕੰਮਕਾਜੀ ਚੌਖਟੇ ਤਹਿਤ ਹੋਈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸਫ਼ਾਰਤੀ ਤੇ ਫੌਜੀ ਚੈਨਲਾਂ ਜ਼ਰੀਏ ਗੱਲਬਾਤ ਤੇ ਸੰਵਾਦ ਜਾਰੀ ਰੱਖਣ ਦੀ ਸਹਿਮਤੀ ਦਿੱਤੀ ਤੇ ਅਗਲੇ ਦਿਨਾਂ ਵਿੱਚ ਫੌਜੀ ਪੱਧਰ ਦੀ 11ਵੇਂ ਗੇੜ ਦੀ ਗੱਲਬਾਤ ਲਈ ਵੀ ਹਾਮੀ ਭਰੀ। ਇਕ ਬਿਆਨ ਵਿੱਚ ਕਿਹਾ ਕਿ ਦੋਵਾਂ ਧਿਰਾਂ ਨੂੰ ਸੰਵਾਦ ਦੇ ਅਮਲ ਨੂੰ ਅੱਗੋਂ ਵੀ ਜਾਰੀ ਰੱਖਣਾ ਚਾਹੀਦਾ ਹੈ ਤੇ ਟਕਰਾਅ ਵਾਲੇ ਸਾਰੇ ਖੇਤਰਾਂ ‘ਚੋਂ ਫੌਜਾਂ ਦੀ ਮੁਕੰਮਲ ਵਾਪਸੀ ਨਾਲ ਕੋਈ ਅਜਿਹਾ ਹੱਲ ਲੱਭਣਾ ਚਾਹੀਦਾ ਹੈ, ਜੋ ਦੋਵਾਂ ਨੂੰ ਮਨਜ਼ੂਰ ਹੋਵੇ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਗੱਲ ਨਾਲ ਸਹਿਮਤ ਹਨ ਕਿ ਪਿਛਲੇ ਸਾਲ ਸਤੰਬਰ ਵਿੱਚ ਮਾਸਕੋ ‘ਚ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਇਆ ਕਰਾਰ ਤੇ ਫਰਵਰੀ ਮਹੀਨੇ ਦੌਰਾਨ ਹੋਈ ਫੋਨ ਵਾਰਤਾ ਦੋਵਾਂ ਧਿਰਾਂ ਨੂੰ ਸੇਧ ਦਿੰਦੀ ਰਹੇਗੀ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਨੇ ਪੈਂਗੌਂਗ ਝੀਲ ਖੇਤਰ ਵਿੱਚ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ ਹੋਣ ਮਗਰੋਂ 20 ਫਰਵਰੀ ਨੂੰ ਭਾਰਤ ਤੇ ਚੀਨ ਦੇ ਸੀਨੀਅਰ ਫੌਜੀ ਕਮਾਂਡਰਾਂ ਨੇ ਇਕ ਹੋਰ ਗੇੜ ਦੀ ਗੱਲਬਾਤ ਕੀਤੀ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਮਈ ਵਿੱਚ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ‘ਤੇ ਤਲਖੀ ਵਧਣ ਮਗਰੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਆਹਮੋ ਸਾਹਮਣੇ ਸਨ। ਇਸ ਦੌਰਾਨ ਗਲਵਾਨ ਵਾਦੀ ‘ਚ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਹੋਏ ਟਕਰਾਅ ਵਿੱਚ 20 ਭਾਰਤੀ ਫੌਜੀਆਂ ਦੀ ਜਾਨ ਜਾਂਦੀ ਰਹੀ ਸੀ। ਦੋਵੇਂ ਮੁਲਕ ਫੌਜੀ ਤੇ ਸਫ਼ਾਰਤੀ ਪੱਧਰ ‘ਤੇ ਕੀਤੇ ਯਤਨਾਂ ਮਗਰੋਂ ਇਸ ਕਸ਼ੀਦਗੀ ਨੂੰ ਘਟਾਉਣ ਵਿੱਚ ਸਫ਼ਲ ਰਹੇ ਹਨ। -ਪੀਟੀਆਈ