ਗੱਡੇ ਚੜ੍ਹ ਬੈਠਾ ਰੱਬ..!

ਗੱਡੇ ਚੜ੍ਹ ਬੈਠਾ ਰੱਬ..!


ਚਰਨਜੀਤ ਭੁੱਲਰ

ਚੰਡੀਗੜ੍ਹ, 14 ਮਾਰਚ

ਕੋਈ ਭੱਦਰ ਪੁਰਸ਼ ਹੀ ਦੱਸੇ, ਕਿਸ ਨੂੰ ਧਿਆਈਏ! ਬਾਬਾ ਬੁੱਲ੍ਹੇ ਸ਼ਾਹ ਨੂੰ ਜਾਂ ਫਿਰ ਖਜ਼ਾਨਾ-ਏ-ਅਕਲ ਮਨਪ੍ਰੀਤ ਬਾਦਲ ਨੂੰ। ਫਕੀਰਾਂ ਵਾਲਾ ਪੈਂਡਾ ਔਖੈ, ‘ਬੁੱਲ੍ਹੇ ਸ਼ਾਹ ਰੱਬ ਉਨ੍ਹਾਂ ਨੂੰ ਮਿਲਦਾ, ਨੀਤਾਂ ਜਿਨ੍ਹਾਂ ਦੀਆਂ ਸੱਚੀਆਂ।’ ਏਨੀ ਸੁੱਚਮ ਰੱਖ ਨਹੀਓਂ ਹੋਣੀ। ਬਾਬਾ! ਤੁਸੀਂ ਫਕੀਰ ਹੋ ਤਾਂ ਅਸਾਂ ਕੋਲ ਵੀ ਫੱਕਰ ਐ, ਜਿਨ੍ਹਾਂ ਥਾਹ ਪਾ ਲਈ ਏ..! ਬੁੱਲ੍ਹਿਆ! ਹੁਣ ਛੱਡ ਬੁੜਬੁੜ, ਇੱਕ ਬੰਨ੍ਹੇ ਬਹਿ ਦੇਖ, ਪੰਜਾਬ ਦੇ ਕਿਵੇਂ ਘੁੱਗ ਵਸੂ। ਆਹ ਤੇਰੇ ਵਾਲਾ ਖੁਦਾ… ਖੁਦ ਆ ਰਿਹੈ ਪੰਜਾਬ।

ਰੋਮਨ ਤੁਕ ਐ, ‘ਮਾੜਾ ਵਕਤ ਬੰਦੇ ਨੂੰ ਧਰਮ ਯਾਦ ਕਰਾਉਂਦੈ।’ ਬਜਟ-ਏ-ਪੰਜਾਬ ਪੇਸ਼ ਕਰਕੇ, ਮਨਪ੍ਰੀਤ ਨੇ ਢਿੱਡੋਂ ਗੱਲ ਆਖੀ। ‘ਪੰਜਾਬ ਖਾਤਰ ਰੱਬ ਨੇ ਖ਼ਾਸ ਤਕਦੀਰ ਲਿਖੀ ਐ, ਕਿੰਨਾ ਕੁਝ ਝੱਲਿਐ, ਹਮੇਸ਼ਾਂ ਕੁਦਰਤ ਨੇ ਕੰਡੇ ਚੁਗੇ।’ ਸੌ ਹੱਥ ਰੱਸਾ ਸਿਰੇ ‘ਤੇ ਗੰਢ। ਖਜ਼ਾਨਾ-ਏ-ਵਜ਼ੀਰ ਨੇ ਗੰਢ ਖੋਲ੍ਹੀ, ‘ਤਕਦੀਰਾਂ ਮਾਲਕ ਲਿਖਦੈ, ਬਜਟਾਂ ਨਾਲ ਕੋਈ ਫਰਕ ਨਹੀਂ ਪੈਂਦਾ।’ ਮਨਪ੍ਰੀਤ ਸਦਨ ‘ਚ ਭਾਵੁਕ ਹੋ ਬੋਲੇ, ‘ਮੈਂ ਅੰਨ੍ਹਾ ਤੇ ਤਿਲਕਣ ਰਸਤੇ, ਕੌਣ ਦੇਵੇ ਸੰਭਾਲਾ, ਧੱਕੇ ਦੇਵਣ ਵਾਲੇ ਲੱਖਾਂ, ਇੱਕ ਤੂੰ ਹੱਥ ਪਕੜਨ ਵਾਲਾ’, ਅਰਥਾਤ ਧੱਕੇ ਦੇਣ ਵਾਲੇ ਲੱਖਾਂ ਹਨ ਪਰ ਉਹ ਪ੍ਰਮਾਤਮਾ ਪੰਜਾਬ ਦਾ ਹੱਥ ਫੜ ਲੈਂਦੈ।

ਸਪੀਕਰ ਸਾਹਿਬ! ਪ੍ਰਮਾਤਮਾ ਨੇ ਪੰਜਾਬ ਨੂੰ ਵੀ ਦਲ-ਦਲ ‘ਚੋਂ ਕੱਢਤੈ। ਖਜ਼ਾਨਾ ਮੰਤਰੀ ਆਪਣਾ ਹੱਥ ਦੂਰੋਂ ਸਪੀਕਰ ਵੱਲ ਕਰ ਫ਼ਰਮਾਏ…’ਏਹ ਪੰਜਾਬ ਦੇ ਹੱਥਾਂ ਦੀਆਂ ਲਕੀਰਾਂ ਨੇ, ਜਿਨ੍ਹਾਂ ‘ਤੇ ਮਾਯੂਸੀ ਨਹੀਂ ਲਿਖੀ।’ ਪਹਿਲਾਂ 2017-18 ਵਾਲੇ ਬਜਟ ਮੌਕੇ, ਮਨਪ੍ਰੀਤ ਇੰਝ ਫੁਰਮਾਏ ਸਨ,’ ਸਭ ਕੁਝ ਰੱਬ ਦੇ ਹੱਥ ਐ, ਸਰਕਾਰ ਦਾ ਫਰਜ਼ ਸੂਬਾ-ਏ-ਪੰਜਾਬ ਨੂੰ ਕਰਜ਼ੇ ਦੇ ਬੋਝ ਤੋਂ ਉਭਾਰਨਾ ਏ।’ ਦ੍ਰਿੜਤਾ ਨਾਲ ਬੋਲੇ, ‘ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ, ਚੌਥੇ ਬਜਟ ‘ਚ ਵਿੱਤੀ ਘਾਟੇ ਖ਼ਤਮ ਕਰ ਦਿਆਂਗੇ।’ ਸਪੀਕਰ ਸਾਹਿਬ! ਮੈਨੂੰ ਰੱਬ ‘ਤੇ ਭਰੋਸਾ ਹੈ, ਤਰੱਕੀ ਦਾ ਸੂਰਜ ਚੜ੍ਹੇਗਾ।

ਬੁੱਲ੍ਹਾ ਵੀ ਢਿੱਡੋਂ ਹੀ ਹੱਸਿਆ। ਕੁਰਦਾਂ ਦਾ ਪ੍ਰਵਚਨ ਐ, ‘ਸ਼ਿਕਾਰ ਤੇ ਸ਼ਿਕਾਰੀ ਦੋਵੇਂ ਹੀ ਰੱਬ ‘ਤੇ ਭਰੋਸਾ ਰੱਖਦੇ ਹਨ।’ ਦਸੌਂਧਾ ਸਿੰਘ ਹੋਕਾ ਲਾ ਰਿਹੈ, ਪੰਜਾਬੀਓ! ਸੌ ਜਾਓ ਲੰਮੀਆਂ ਤਾਣ ‘ਕੇ, ਰੱਬ ਜੀ ਤਸ਼ਰੀਫ ਲਿਆ ਰਹੇ ਨੇ..! ਥੋਡੇ ਦੀਨ ਦੁੱਖਾਂ ਦੀ, ਸਿਰ ਚੜ੍ਹੇ ਕਰਜ਼ੇ ਦੀ, ਫਿਕਰਾਂ ਦੀ ਪੰਡ, ਰੱਬ ਜੀ ਖੁਦ ਚੁੱਕਣਗੇ। ‘ਆਪ’ ਵਾਲਾ ਹਰਪਾਲ ਚੀਮਾ, ਵਿਧਾਨ ਸਭਾ ਦੇ ਬਾਹਰ ਖੜ੍ਹਾ ਰਿਹਾ, ਸਿਰ ‘ਤੇ ਕਰਜ਼ੇ ਵਾਲੀ ਪੰਡ… ਸ਼ਾਇਦ ਰੱਬ ਨੂੰ ਉਡੀਕਦਾ ਹੋਣੈ। ਅਕਾਲੀ ਵਿਧਾਇਕ, ਵਿਧਾਨ ਸਭਾ ‘ਚ ਪੁਰਾਣੇ ਗੱਡੇ ‘ਤੇ ਆਏ।

‘ਮਾਲਕ-ਏ-ਗੱਡਾ’ ਬਿਕਰਮ ਮਜੀਠੀਆ ਸਨ, ਨਾਲ ‘ਐਂਡ ਪਾਰਟੀ’। ਗੱਡਾ ਵਿਧਾਨ ਸਭਾ ਦੇ ਲਾਗੇ ਆ ਰੁਕਿਆ। ‘ਆਪ’ ਵਾਲੇ ਸਿਰ ‘ਤੇ ਪੰਡਾਂ ਰੱਖ, ਦੂਰੋਂ ਇੰਝ ਗੱਡੇ ਵੱਲ ਦੇਖਣ, ਜਿਵੇਂ ਰੱਬ ਨੇ ਗੱਡੇ ‘ਚੋਂ ਉਤਰ ਕੇ ਆਉਣਾ ਹੋਵੇ। ਭਗਤੋ! ਆਹ ਪੰਡਾਂ ਮੇਰੇ ਸਿਰ ‘ਤੇ ਰੱਖੋ। ਪੰਜਾਬ ਇੰਨੇ ਭਾਗਾਂ ਵਾਲਾ ਕਿਥੇ। ‘ਗੱਡਾ ਆ ਗਿਆ ਸੰਦੂਕੋਂ ਖਾਲੀ’, ਜਦੋਂ ਗੱਡੇ ‘ਚ ਵੀ ਰੱਬ ਨਾ ਬਹੁੜੇ, ਵਿਧਾਇਕ ਮੀਤ ਹੇਅਰ ਅੰਦਰੋਂ ਕਰੂਰ ਹੋਇਆ ਹੋਊ, ‘ਤੇਰਾ ਕੱਖ ਨਾ ਬਚਨੀਏ ਰਹਿਣਾ, ਛੜਿਆ ਦਾ ਹੱਕ ਮਾਰ ਕੇ।’

ਕਾਮਰੇਡ ਹਰਦੇਵ ਅਰਸ਼ੀ ਤੋਂ ਰਹਿ ਨਾ ਹੋਇਆ, ‘ਬੱਚੂ! ਗੱਡੇ ਛੱਡੋ, ਪੰਡਾਂ ਲਾਹੋ, ਹਾਊਸ ‘ਚ ਜਾਓ, ਬਚਨ ਨਿਭਾਓ।’ ਅਕਲੋਂ ਪੈਦਲ ਆਖਣਗੇ, ਕਾਮਰੇਡਾਂ ਦਾ ਰੱਬ ਦੇ ਨਾਮ ਤੋਂ ਪਤਾ ਨੀਂ ਕਿਉਂ ਢਿੱਡ ਦੁੱਖਦੈ। ਮਜੀਠੀਆ ਸਦਨ ‘ਚ ਗੱਜਿਆ, ‘ਸੱਚੇ ਪਾਤਸ਼ਾਹ ਨਾਲ ਠੱਗੀ ਵੱਜਣ ਲੱਗੀ ਸੀ।’ ਕਾਹਦੀ ਠੱਗੀ, ਫੇਰ ਕਦੇ ਦੱਸਾਂਗੇ, ਪਹਿਲੋਂ ਬਾਬਾ ਨਜ਼ਮੀ ਸੁਣੋ, ‘ਜਿੰਨੇ ਵੀ ਬੈਠੇ ਵਿੱਚ ਅਸੈਂਬਲੀ ਦੇ, ਕੋਰਾ ਲੱਠਾ ਜਿਹਨੇ ਪਾਇਆ, ਪੁੱਛੋ ਵੀ/ ਸਾਡੇ ਨਾਂ ‘ਤੇ ਜਿਹੜਾ ਕਰਜ਼ਾ ਲੈਂਦੇ ਨੇ, ਕਿਥੇ ਜਾਂਦਾ ਉਹ ਸਰਮਾਇਆ, ਪੁੱਛੋ ਵੀ/ ਸਾਈਕਲ ਵਾਲੇ ਵਾਰਸ ਬਣੇ ਪਜੈਰੋ ਦੇ, ਐਨਾ ਪੈਸਾ ਕਿਥੋਂ ਆਇਆ, ਪੁੱਛੋ ਵੀ।’

ਮਜੀਠੀਆ ਨਜ਼ਮੀ ਨੂੰ ਸੁਣਾ ‘ਸੈਲਫ ਗੋਲ’ ਕਰਾ ਬੈਠੇ। ਨਵਜੋਤ ਸਿੱਧੂ ਬੁੜ੍ਹਕ ਉੱਠੇ। ਲੱਗਾ ਤੀਰ ‘ਤੇ ਤੀਰ ਛੱਡਣ। ਵੈਸੇ ਰੱਬ ਵਾਲਾ ਤੀਰ ਵੀ ਮਾੜਾ ਨਹੀਂ। ਬੁੱਲ੍ਹੇ ਸ਼ਾਹ ਮੁੜ ਬੋਲੇ ਨੇ, ਤੀਰ ਕਮਾਨ ਛੱਡੋ, ਪਹਿਲੋਂ ਰੱਬ ਨੂੰ ਫੜੋ, ਬਈ! ਤੇਰੀ ਲੇਟ-ਲਤੀਫੀ ‘ਚ ਕਿਵੇਂ ਪੰਜਾਬ ਕੰਗਾਲ ਹੋਇਐ। ਆਓ, ਵਹੀ ਖਾਤਾ ਫਰੋਲੀਏ। ਵਰ੍ਹਾ 1952 ‘ਚ ਪੰਜਾਬ ਸਿਰ 78.37 ਕਰੋੜ ਦਾ ਕਰਜ਼ਾ ਸੀ ਤੇ 1964 ‘ਚ ਵਧ ਕੇ 350.60 ਕਰੋੜ ਹੋਇਆ।

ਕਾਲਾ ਦੌਰ ਚਲਾ ਗਿਆ ਤਾਂ ਉਦੋਂ 1997-98 ‘ਚ ਕਰਜ਼ੇ ਦੀ ਕਲਮ 17,216 ਕਰੋੜ ਸੀ। ਮਨਪ੍ਰੀਤ ਨੇ ਜਦੋਂ ਆਪਣਾ ਪਹਿਲਾ ਬਜਟ 2007-08 ‘ਚ ਪੰਜਾਬ ਦੇ ਕਦਮਾਂ ‘ਚ ਪੇਸ਼ ਕੀਤਾ, ਉਸ ਵੇਲੇ ਕਰਜ਼ਾ 52,936 ਕਰੋੜ ਸੀ। ਤਾਜ਼ਾ ਬਜਟ ਅਨੁਮਾਨ ਐ, ਕਰਜ਼ੇ ਦੀ ਪੰਡ 2.73 ਲੱਖ ਕਰੋੜ ਹੋ ਜਾਏਗੀ। ਸਰਕਾਰਾਂ ਦਾ ਕੋਈ ਕਸੂਰ ਨਹੀਂ। ਰੱਬ ਹੀ ਅੱਖਾਂ ਪਕਾ ਕੇ ਆਇਐ। ਰੱਬ ਜੀ ਦੇ ਓਐੱਸਡੀ ਨੇ ਸਫਾਈ ਦਿੱਤੀ, ‘ਮਜੀਠੀਏ ਦੇ ਗੱਡੇ ‘ਚ ਲਿਫਟ ਲੈ ਬੈਠੇ, ਤਾਹੀਂ ਲੇਟ ਹੋਗੇ’। ਅੱਗਿਓਂ ਪ੍ਰਸ਼ਾਂਤ ਕਿਸ਼ੋਰ ਤੁਰਿਆ ਆਵੇ। ‘ਜ਼ਰੂਰ ਰੱਬ ਦਾ ਮੱਥਾ ਠਣਕਿਆ ਹੋਊ’। ਵਾਪਸ ਮੁੜਨ ਲੱਗੇ ਤਾਂ ਸ਼ਾਹ ਹੁਸੈਨ ਮਿਲ ਗਏ, ‘ਕਹੇ ਹੁਸੈਨ ਫਕੀਰ ਨਿਮਾਣਾ, ਮੈਂ ਨਾਹੀਂ ਸਭ ਤੂੰ/ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ।’

ਸੱਚਮੁੱਚ ਪੰਜਾਬ ਦਾ ਰੱਬ ਰਾਖੈ। ਗਰੀਬ ਬੰਦੇ ਦੀ ਏਨੀ ਪਹੁੰਚ ਕਿਥੇ ਕਿ ਰੱਬ ਨੂੰ ਫੁੱਫੜ ਕਹਿ ਸਕੇ। ਐਟਮ ਬੰਬਾਂ ਨੇ ਜਾਪਾਨ ਨੂੰ ਮੂਧੇ ਮੂੰਹ ਕੀਤਾ। ਹੌਸਲੇ ਨੂੰ ਫੁਲ ਦੀ ਨਾ ਲੱਗੀ, ਬਿਪਤਾ ‘ਚੋਂ ਉਭਰੇ, ਜਾਪਾਨੀ ਹੁਣ ਅੰਬਰੀ ਉਡਦੇ ਨੇ। ਯਹੂਦੀਆਂ ਨੂੰ ਪੈਰ ਪੈਰ ‘ਤੇ ਠੁੱਡੇ ਪਏ, ਜ਼ਿੰਦਗੀ ਨੂੰ ਸ਼ਰੀਕ ਬਣ ਟੱਕਰੇ। ਮਨਪ੍ਰੀਤ ਵੀ ਅੱਜ ਇਜ਼ਰਾਈਲ ਦੀ ਦਾਦ ਦਿੰਦੇ ਨਹੀਂ ਥੱਕਦੇ। ਜਿਨ੍ਹਾਂ ਬਾਬੇ ਨਾਨਕ ਵਾਲੀ ਕਿਰਤ ਨੂੰ ਗੰਢ ਮਾਰੀ, ਹਰ ਮੁਸ਼ਕਲ ਢਿੱਲੀ ਪੈ ਗਈ। ਅਸੀਂ ਜਰਨੈਲੀ ਸੜਕ ‘ਤੇ ਖੜ੍ਹੇ ਰੱਬ ਉਡੀਕ ਰਹੇ ਹਾਂ, ਨਾਨਕ ਦੇ ਰਾਹ ਤੋਂ ਉੱਤਰ ਕੇ।

ਸਾਬਿਰ ਅਲੀ ਸਾਬਿਰ ਉਲਾਂਭਾ ਦਿੰਦੈ, ‘ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ, ਕੀ ਸਮਝਾ ਹਰ ਮਾੜੇ ਤੇ ਤਕੜੇ ਪਿਛੇ ਤੂੰ ਏ/ਲੱਗਦੇ ਪਏ ਨੇ ਜਿਹੜੇ ਸਾਨੂੰ ਰਗੜੇ ਪਿਛੇ ਤੂੰ ਏ।’ ਘਾਹੀ ਘਾਹ ਖੋਤ ਰਹੇ ਨੇ, ‘ਗੱਡਿਆਂ’ ਤੇ ਚੜ੍ਹਨ ਵਾਲੇ ਗੱਡੀਆਂ ਵਾਲੇ ਹੋ ਗਏ। ਤੇਰੇ ਰੰਗ ਨਿਆਰੇ। ਚੰਗਾ ਹੋਇਐ ਤਾਂ ਸਿਹਰਾ ‘ਅਮਰਿੰਦਰ ਦਿ ਗਰੇਟ’ ਨੂੰ, ਕਰਜ਼ੇ ਦੀਆਂ ਪੰਡਾਂ ਰੱਬ ਦੀ ਝੋਲੀ ਪਾ’ਤੀਆਂ। ‘ਤੇਰਾ ਸੰਦਾਂ ਦਾ ਭੇਤ ਨਾ ਆਇਆ..’। ਗਾਇਕ ਹਰਭਜਨ ਮਾਨ ਗੁਣ ਗੁਣਾ ਰਿਹੈ, ‘ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ।’

ਟੈਕਸਾਸ ਗੁਈਨਾਨ ਨੇ ਰਾਜ ਖੋਲ੍ਹਿਐ, ‘ਸਿਆਸਤਦਾਨ, ਤੁਹਾਡੀ ਜ਼ਿੰਦਗੀ ਆਪਣੇ ਦੇਸ਼ ਲਈ ਕੁਰਬਾਨ ਕਰ ਸਕਦਾ ਹੈ।’ ਦਹਾਕਿਆਂ ਤੋਂ ਪੰਜਾਬ ਨੂੰ ‘ਹਾਥੀ’ ਲਿਤਾੜਦਾ ਫਿਰਦੈ। ਖਜ਼ਾਨਾ ਮੰਤਰੀ ਉੱਜਲ ਸਿੰਘ ਨੇ ਵਰ੍ਹਾ 1954 ‘ਚ ਬਜਟ ਪੇਸ਼ ਕੀਤਾ। ਸਮਰਾਲੇ ਵਾਲੇ ਵਿਧਾਇਕ ਅਜਮੇਰ ਸਿੰਘ ਨੇ ਟਿੱਪਣੀ ਕੀਤੀ। ‘ਥੋਡਾ ਬਜਟ ਸਜੇ ਹੋਏ ਹਾਥੀ ਵਰਗੈ, ਉੱਤੇ ਉੱਜਲ ਸਿਓਂ ਸਵਾਰ ਐ, ਬਾਕੀ ਮੰਤਰੀ ਨਾਲ ਚੱਲ ਰਹੇ ਨੇ, ਤੁਸੀਂ ਤਾਰੀਫ਼ ਚਾਹੁੰਦੇ ਹੋ, ਅਸੀਂ ਵੇਖਣਾ ਹੁੰਦੈ ਕਿ ਹਾਥੀ ਕਿਤੇ ਲੋਕਾਂ ਨੂੰ ਲਤਾੜੀ ਤਾਂ ਨਹੀਂ ਜਾਂਦੈ। ਅੱਜ ਲੰਮੇ ਅਰਸੇ ਮਗਰੋਂ ਵੀ, ਹਾਥੀ ਮਸਤ ਚਾਲ ਚੱਲ ਰਿਹੈ, ਲੋਕ ਮਿੰਝੇ ਜਾ ਰਹੇ ਨੇ। ਇੰਝ ਜਾਪਦੈ, ਜਿਵੇਂ ਹੁਣ ਖਜ਼ਾਨਾ ਮੰਤਰੀ ਇਸ ਹਾਥੀ ‘ਤੇ ਬੈਠੇ ਹੋਣ, ਨਾਲ ਰੱਬ ਪਰਿਕਰਮਾ ਕਰਦਾ ਹੋਵੇ, ਲੋਕ ‘ਰੱਬ ਰੱਬ’ ਕਰਦੇ ਹੋਣ।

ਕੋਵਿਡ ਨੇ ਅਰਥਚਾਰਾ ਝੰਬਿਆ, ਨਿਰਮਲਾ ਸੀਤਰਮਨ ਬੋਲੀ, ‘ਏਹ ਸਭ ਰੱਬ ਦੀ ਕਰਨੀ।’ ਮੱਧ ਪ੍ਰਦੇਸ਼ ‘ਚ ਵੱਡਾ ਨਵਾਂ ਪੁਲ ਡਿਗਿਆ, ਹਾਕਮ ਬੋਲੇ…’ਏਹ ਰੱਬ ਦੀ ਰਜ਼ਾ’। 2012 ‘ਚ ਦਿਨੇਸ਼ ਤ੍ਰਿਵੇਦੀ ਬੋਲੇ, ‘ਈਸ਼ਵਰ ਨੇ ਮੈਨੂੰ ਰੇਲ ਮੰਤਰੀ ਬਣਾਇਐ।’ ਛੱਜੂ ਰਾਮ ਦੇ ਪੁੱਛ ਰਿਹੈ ਕਿ ਕਿਸ ਦੀ ਮੰਨੀਏ, ਕਾਨੂੰਨ ਦੀ ਜਾਂ ਰੱਬ ਦੀ। ਲਿਓ ਤਾਲਸਤਾਏ ਦੀ ਕਹਾਣੀ ਐ, ‘ਰੱਬ ਕਿਥੇ ਵਸਦਾ ਹੈ’। ਸਹੁੰ ਚੁੱਕਣ ਤੋਂ ਪਹਿਲਾਂ ਨੇਤਾ ਜ਼ਰੂਰ ਪੜ੍ਹਨ। ਜਗਸੀਰ ਜੀਦਾ ਹੇਕਾਂ ਲਾ ਰਿਹੈ, ‘ਜ਼ਿੰਦਗੀ ਨਰਕ ਬਣਾ ਦਿੱਤੀ, ਸੁਰਗਾਂ ਦੇ ਲਾਰਿਆਂ ਨੇ।’ ਬੁੱਲਾ ਸਿਰ ਫੜ੍ਹੀ ਬੈਠਾ ਹੈ, ‘ਬੁੱਲਿਆ ਰੱਬ ਦਾ ਕੀ ਪਾਉਣਾ, ਏਧਰੋਂ ਪੱਟਿਆ, ਓਧਰ ਲਾਉਣਾ।’



Source link