ਲਾਸ ਏਂਜਲਸ, 15 ਮਾਰਚ
ਪੌਪ ਸਟਾਰ ਬਿਓਂਸੇ 2021 ਵਿੱਚ ਚਾਰ ਹੋਰ ਗ੍ਰੈਮੀ ਐਵਾਰਡ ਜਿੱਤ ਕੇ, ਸਭ ਤੋਂ ਵੱਧ 28 ਗ੍ਰੈਮੀ ਐਵਾਰਡ ਜਿੱਤਣ ਵਾਲੀ ਪਹਿਲੀ ਮਹਿਲਾ ਕਲਾਕਾਰ ਬਣ ਗਈ ਹੈ। ‘ਰਿਕਾਰਡਿੰਗ ਅਕਾਦਮੀ’ ਵੱਲੋਂ ਕਰਵਾਏ 63ਵੇਂ ਗ੍ਰੈਮੀ ਐਵਾਰਡ ਸਮਾਗਮ ਵਿੱਚ ਬਿਓਂਸੇ ਨੂੰ ਨੌਂ ਵਰਗਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ ਮੇਗਨ ਥੀ ਸਟਾਲਿਯਾਨ(ਰੈਪਰ) ਨਾਲ ‘ਸੈਵੇਜ (ਰੀਮਿਕਸ)’ ਲਈ ‘ਬੈਸਟ ਰੈਪ’ ਵਰਗ ਵਿੱਚ ਐਵਾਰਡ ਮਿਲਿਆ। ‘ਬਲੈਕ ਪਰੇਡ’ ਲਈ ਸਰਵੋਤਮ ‘ਆਰਐਂਡਬੀ’ ਪੇਸ਼ਕਾਰ ਐਵਾਰਡ, ‘ਬਰਾਊਨ ਸਕਿਨ ਗਰਲ’ ਲਈ ‘ਸਰਵੋਤਮ ਸੰਗੀਤ ਵੀਡੀਓ’ ਅਤੇ ‘ਸੈਵੇਜ’ ਲਈ ਇਕ ਹੋਰ ਐਵਾਰਡ ਮਿਲਿਆ। ਇਨ੍ਹਾਂ ਚਾਰ ਐਵਾਰਡਾਂ ਨਾਲ ਕੁਲ 28 ਗ੍ਰੈਮੀ ਐਵਾਰਡ ਜਿੱਤ ਕੇ ਬਿਓਂਸੇ ਨੇ ਉੱਘੀ ਗਾਇਕਾ ਐਲੀਸਨ ਕਰਾਊਸ ਦਾ ਰਿਕਾਰਡ ਤੋੜਿਆ। ਬ੍ਰਿਟਸ ਆਰਕੈਸਟਰਾ ਅਤੇ ਆਪਰੇਟਿਵ ਕੰਡਕਟਰ ਸਰ ਜੌਰਜ ਸੋਲਟੀ ਦੇ ਨਾਂ ਸਭ ਤੋਂ ਵੱਧ 31 ਗ੍ਰੈਮੀ ਜਿੱਤਣ ਦਾ ਰਿਕਾਰਡ ਹੈ। ਇਸੇ ਦੌਰਾਨ ਮੇਗਨ ਥੀ ਸਟਾਲਿਯਾਨ ‘ਬੈਸਟ ਨਿਊ ਆਰਟਿਸਟ’, ‘ਬੈਸਟ ਰੈਪ ਸੌਂਗ’ ਅਤੇ ‘ਬੈਸਟ ਰੈਪ ਪ੍ਰਾਫਾਰਮੈਂਸ’ ਰਾਹੀਂ ਤਿੰਨ ਟਰਾਫੀਆਂ ਜਿੱਤ ਕੇ 63ਵੇਂ ਗਰੈਮੀ ਐਵਾਰਡ ਦੀ ਵੱਡੀ ਜੇਤੂ ਰਹੀ। ‘ਫੋਕਲੋਰ’ ਨੂੰ ‘ਗਰੈਮੀ ਐਲਬਮ ਆਫ ਦਿ ਯੀਅਰ’ ਮਿਲਣ ‘ਤੇ ਟੇਲਰ ਸਵਿੱਫਟ ਤਿੰਨ ਵਾਰ ਇਨਾਮ ਜਿੱਤਣ ਵਾਲੀ ਪਹਿਲੀ ਗਾਇਕਾ ਤੇ ਗੀਤਕਾਰ ਬਣੀ। ਇਸ ਪ੍ਰਾਪਤੀ ਨਾਲ ਉਹ ਕੁਲ ਮਿਲਾ ਕੇ ਚੌਥੀ ਸੰਗੀਤਕਾਰ ਵੀ ਬਣੀ। ਇਸੇ ਤਰ੍ਹਾਂ ਬਿਲੇਅ ਇਲੀਸ਼ ਨੇ ‘ਰਿਕਾਰਡ ਆਫ ਦਿ ਯੀਅਰ’ ਅਤੇ ‘ਰੇਨ ਆਨ ਮੀ’ ਗਾਣੇ ਲਈ ਲੇਡੀ ਗਾਗਾ ਅਤੇ ਅਰੀਨਾ ਗਰੈਂਡ ਨੇ ‘ਬੈਸਟ ਪੌਪ ਡਿਊ/ਗਰੁੱਪ ਪ੍ਰਫਾਰਮੈਂਸ’ ਐਵਾਰਡ ਜਿੱਤਿਆ। -ਆਈਏਐੱਨਐੱਸ