ਮਜੀਠੀਆ ਸਣੇ 9 ਅਕਾਲੀ ਵਿਧਾਇਕਾਂ ਖ਼ਿਲਾਫ਼ ਕੇਸ

ਮਜੀਠੀਆ ਸਣੇ 9 ਅਕਾਲੀ ਵਿਧਾਇਕਾਂ ਖ਼ਿਲਾਫ਼ ਕੇਸ
ਮਜੀਠੀਆ ਸਣੇ 9 ਅਕਾਲੀ ਵਿਧਾਇਕਾਂ ਖ਼ਿਲਾਫ਼ ਕੇਸ


ਆਤਿਸ਼ ਗੁਪਤਾ
ਚੰਡੀਗੜ੍ਹ, 16 ਮਾਰਚ

ਬਜਟ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਅਖੀਰਲੇ ਦਿਨ 10 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਹਰਿਆਣਾ ਵਿਧਾਨ ਸਭਾ ਦੀ ਪਾਰਕਿੰਗ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਥਿਤ ਘਿਰਾਓ ਕਰਨ ਅਤੇ ਕਾਲੀ ਝੰਡੀਆਂ ਵਿਖਾਉਣ ‘ਤੇ ਚੰਡੀਗੜ੍ਹ ਪੁਲੀਸ ਨੇ ਬਿਕਰਮ ਸਿੰਘ ਮਜੀਠੀਆ ਸਣੇ 9 ਅਕਾਲੀ ਵਿਧਾਇਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਰਿਆਣਾ ਵਿਧਾਨ ਸਭਾ ਵਿੱਚ ਮਾਰਸ਼ਲਾਂ ਦੇ ਸਕੱਤਰ ਸੰਦੀਪ ਨਾਂਦਲ ਦੀ ਸ਼ਿਕਾਇਤ ‘ਤੇ ਸੈਕਟਰ-3 ਪੁਲੀਸ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਐੱਫਆਈਆਰ ‘ਚ ਨਾਮਜ਼ਦ ਕੀਤੇ ਗਏ ਵਿਧਾਇਕਾਂ ਵਿੱਚ ਸ਼ਰਨਜੀਤ ਸਿੰਘ, ਬਿਕਰਮ ਸਿੰਘ ਮਜੀਠੀਆ, ਬਲਦੇਵ ਸਿੰਘ ਖਹਿਰਾ, ਸੁਖਵਿੰਦਰ ਕੁਮਾਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੰਵਰਜੀਤ ਸਿੰਘ ਬਰਕੰਦੀ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਐੱਨ.ਕੇ. ਸ਼ਰਮਾ ਅਤੇ ਅਣਪਛਾਤੇ ਵਿਅਕਤੀਆਂ ਦੇ ਨਾਮ ਸ਼ਾਮਲ ਹਨ। ਪੁਲੀਸ ਤੋਂ ਮਿੱਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸੰਦੀਪ ਨਾਂਦਲ ਦਾ ਕਹਿਣਾ ਸੀ ਕਿ 10 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਬਾਅਦ ਸ਼ਾਮ 5.50 ਵਜੇ ਦੇ ਕਰੀਬ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਧਾਨ ਸਭਾ ਦੀ ਪਾਰਕਿੰਗ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਉਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ 9 ਵਿਧਾਇਕਾਂ ਅਤੇ ਅਣਪਛਾਤੇ ਵਿਅਕਤੀਆਂ ਨੇ ਸ੍ਰੀ ਖੱਟਰ ਦਾ ਘਿਰਾਓ ਕਰਕੇ ਕਾਲੀ ਝੰਡੀਆਂ ਦਿਖਾਈਆਂ। ਥਾਣਾ ਸੈਕਟਰ-3 ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ‘ਤੇ ਪੜਤਾਲ ਸ਼ੁਰੂ ਕੀਤੀ। ਚੰਡੀਗੜ੍ਹ ਪੁਲੀਸ ਨੇ ਹਰਿਆਣਾ ਵਿਧਾਨ ਸਭਾ ਦੀ ਪਾਰਕਿੰਗ ਦੀ ਫੁਟੇਜ ਵੀ ਖੰਗਾਲੀ ਤੇ ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ 9 ਵਿਧਾਇਕਾਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾਵਾਂ 186, 323, 341 ਅਤੇ 511 ਤਹਿਤ ਕੇਸ ਦਰਜ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਉਕਤ ਮਾਮਲੇ ਸਬੰਧੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਡੀਜੀਪੀ ਹਰਿਆਣਾ ਸਣੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਹਰਿਆਣਾ ਵਿਧਾਨ ਸਭਾ ਨੇ ਮੁੱਖ ਮੰਤਰੀ ਨਾਲ ਵਾਪਰੀ ਇਸ ਘਟਨਾ ਲਈ ਸਦਨ ਵਿੱਚ ਨਿੰਦਾ ਮਤਾ ਵੀ ਪਾਸ ਕੀਤਾ ਸੀ।

ਨਿਆਂ ਮਿਲਣ ਤੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ: ਮਜੀਠੀਆ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰਨ ਦੇ ਦੋਸ਼ ਹੇਠ ਅਕਾਲੀ ਵਿਧਾਇਕਾਂ ਖਿਲਾਫ ਦਰਜ ਕੇਸ ‘ਤੇ ਆਪਣੇ ਪ੍ਰਤੀਕਰਮ ਵਿੱਚ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਸੰਵਿਧਾਨ ਦੇ ਘੇਰੇ ਵਿਚ ਰਹਿ ਕੇ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟਾਇਆ ਸੀ। ਉਨ੍ਹਾਂ ਕਿਹਾ ਕਿ ਨਿਆਂ ਮਿਲਣ ਤਕ ਇਸੇ ਢੰਗ ਨਾਲ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਉਨ੍ਹਾਂ ਚੰਡੀਗੜ੍ਹ ਪੁਲੀਸ ਵਲੋਂ ਦਰਜ ਕੇਸ ਨੂੰ ਗ਼ਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨ ਨਿਆਂ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਮੰਗ ਹੈ ਕਿ ਹਰਿਆਣਾ ਦੇ ਉਨ੍ਹਾਂ ਪੁਲੀਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕੀਤਾ ਜਾਵੇ, ਜਿਨ੍ਹਾਂ ਦਿੱਲੀ ਵੱਲ ਜਾਂਦੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ, ਉਨ੍ਹਾਂ ਦੀ ਮਾਰਕੁੱਟ ਕੀਤੀ, ਦਸਤਾਰਾਂ ਰੋਲੀਆਂ, ਦਾੜ੍ਹੀਆਂ ਪੁੱਟੀਆਂ ਅਤੇ ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਕੌਰ ‘ਤੇ ਅਣਮਨੁੱਖੀ ਤਸ਼ੱਦਦ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਨਿਆਂਇਕ ਜਾਂਚ ਦੀ ਮੰਗ ਕਰ ਰਹੇ ਹਨ ਅਤੇ ਜਦੋਂ ਤਕ ਨਿਆਂ ਨਹੀਂ ਮਿਲਦਾ, ਸੰਵਿਧਾਨ ਦੇ ਘੇਰੇ ਹੇਠ ਰਹਿੰਦਿਆਂ ਜਥੇਬੰਦੀ ਵਲੋਂ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖੇ ਜਾਣਗੇ। ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇ.ਪੀ. ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਕੀ ਪੰਜਾਬ ਦਾ ਇਹ ਹਿੱਸਾ ਹਰਿਆਣਾ ਨੂੰ ਦੇ ਦਿੱਤਾ ਗਿਆ ਹੈ, ਉਹ ਇਸ ਸਬੰਧ ਵਿਚ ਲੋਕਾਂ ਨੂੰ ਸਪੱਸ਼ਟ ਕਰਨ। ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਬਾਹਰ ਪਾਰਕਿੰਗ ਵਾਲੀ ਥਾਂ ‘ਤੇ ਕੀਤੇ ਗਏ ਰੋਸ ਪ੍ਰਦਰਸ਼ਨ ਵਾਲੀ ਵੀਡੀਓ ਵੀ ਪੱਤਰਕਾਰਾਂ ਨੂੰ ਦਿਖਾਈ। ਉਨ੍ਹਾਂ ਕਿਹਾ ਕਿ ਜਿਸ ਥਾਂ ‘ਤੇ ਰੋਸ ਪ੍ਰਗਟਾਇਆ ਸੀ, ਉਹ ਪੰਜਾਬ ਵਿਧਾਨ ਸਭਾ ਦਾ ਹਿੱਸਾ ਹੈ, ਜਿੱਥੇ ਕਈ ਦਹਾਕਿਆਂ ਤੋਂ ਵਿਧਾਇਕ ਆਪਣੀਆਂ ਕਾਰਾਂ ਖੜ੍ਹੀਆਂ ਕਰਦੇ ਹਨ। ਉਹ ਹਰਿਆਣਾ ਵਿਧਾਨ ਸਭਾ ਦੀ ਇਮਾਰਤ ਦੇ ਅੰਦਰ ਦਾਖਲ ਹੀ ਨਹੀਂ ਹੋਏ। ਇਸ ਤੋਂ ਵੀ ਵੱਧ ਉਥੇ ਉਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਮੌਜੂਦ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ, ਉਹ ਗਲਤ ਹਨ, ਉਨ੍ਹਾਂ ਕਿਸੇ ਸਰਕਾਰੀ ਕਰਮਚਾਰੀ ਦੀ ਡਿਊਟੀ ਵਿਚ ਵਿਘਨ ਨਹੀਂ ਪਾਇਆ।Source link