ਬਰਨਾਲਾ: ਮੁਜਾਰਾ ਲਹਿਰ ’ਚ ਯੋਗਦਾਨ ਪਾਉਣ ਵਾਲਿਆਂ ਦੇ ਵਾਰਸਾਂ ਦਾ ਸਨਮਾਨ

ਬਰਨਾਲਾ: ਮੁਜਾਰਾ ਲਹਿਰ ’ਚ ਯੋਗਦਾਨ ਪਾਉਣ ਵਾਲਿਆਂ ਦੇ ਵਾਰਸਾਂ ਦਾ ਸਨਮਾਨ


ਪਰਸ਼ੋਤਮ ਬੱਲੀ

ਬਰਨਾਲਾ, 19 ਮਾਰਚ

ਤੀਹ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਲਈ ਲੱਗੇ ਪੱਕੇ ਮੋਰਚੇ ਦੇ ਅੱਜ 170ਵੇਂ ਦਿਨ ਮੁਜਾਰਾ ਲਹਿਰ ਦੇ ਆਗੂਆਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ| ਬੁਲਾਰਿਆਂ ਕਿਹਾ ਕਿ ਇਸ ਲਹਿਰ ਨੇ 16 ਲੱਖ ਏਕੜ ਜ਼ਮੀਨ ਜਾਗੀਰਦਾਰਾਂ ਤੋਂ ਖੋਹ ਕੇ ਮੁੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ| ਕਾਸ਼ਤਕਾਰਾਂ ਨੂੰ ਜ਼ਮੀਨੀ ਵੰਡ ਵਾਲੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇਹ ਦੂਜੀ ਵੱਡੀ ਇਤਿਹਾਸਕ ਘਟਨਾ ਸੀ| ਅੱਜ ਧਰਨੇ ਵਿੱਚ ਇਸ ਲਹਿਰ ਦਾ ਕੇਂਦਰ ਰਹੇ ਬਾਬਾ ਅਰਜਨ ਸਿੰਘ, ਚੰਦ ਸਿੰਘ ਮਾਨ, ਸ਼ਾਮ ਸਿੰਘ ਤੇ ਨਰੈਣ ਸਿੰਘ ਪਿੰਡ ਕਾਲਸਾਂ ਦੇ ਲਾਲ ਸਿੰਘ ਅਤੇ ਭੱਠਲਾਂ ਦੇ ਹਰਦਿੱਤ ਸਿੰਘ ਸਮੇਤ ਦਰਜਨਾਂ ਹੋਰ ਸੰਘਰਸ਼ੀ ਯੋਧਿਆਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ|

ਬੁਲਾਰੇ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁੁਰਬਖਸ਼ ਸਿੰਘ ਕੱਟੂ,ਜਸਵੰਤ ਸਿੰਘ ਅਸਪਾਲ ਕਲਾਂ, ਉਜਾਗਰ ਸਿੰਘ ਬੀਹਲਾ, ਹਰਮੰਡਲ ਸਿੰਘ ਜੋਧਪੁੁਰ, ਬਾਰਾ ਸਿੰਘ ਬਦਰਾ, ਮੇਲਾ ਸਿੰਘ ਕੱਟੂ, ਮਨਜੀਤ ਰਾਜ, ਦਰਸ਼ਨ ਸਿੰਘ ਉਗੋਕੇ, ਮੋਹਨ ਸਿੰਘ ਰੂੜੇਕੇ, ਸਾਧੂ ਸਿੰਘ ਛੀਨੀਵਾਲ, ਬਿੱਕਰ ਸਿੰਘ ਔਲਖ, ਜਸਵਿੰਦਰ ਸਿੰਘ ਮੰਡੇਰ, ਬਲਵੀਰ ਕੌਰ ਕਰਮਗੜ, ਕੁੁਲਵੰਤ ਸਿੰਘ ਭਦੌੜ ਤੇ ਗੁੁਰਮੇਲ ਸ਼ਰਮਾ ਨੇ ਸੰਬੋਧਨ ਕੀਤਾ| ਆਗੂਆਂ ਕਿਹਾ ਕਿ ਖਰੀਦ ਏਜੰਸੀ ਐਫਸੀਆਈ ਦਾ ਤਾਜਾ ਫਰਮਾਨ ਐਮਐਸਪੀ ਪ੍ਰਬੰਧ ਨੂੰ ਖ਼ਤਮ ਕਰਨ ਵੱਲ ਇਕ ਕਦਮ ਹੈ | ਫਸਲ ਖਰੀਦਣ ਲਈ ਗੈਰ-ਜਰੂਰੀ ਸ਼ਰਤਾਂ ਲਾਈਆਂ ਜਾ ਰਹੀਆਂ ਹਨ| ਇਸ ਨਵੇਂ ਫਰਮਾਨ ਨੂੰ ਤੁੁਰੰਤ ਵਾਪਸ ਕਰਵਾਉਣ ਲਈ ਦਾਣਾ ਮੰਡੀ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਐੱਸਡੀਐੱਮ ਨੂੰ ਮੰਗਪੱਤਰ ਸੌਂਪਿਆ ਗਿਆ |



Source link