ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਮਾਰਚ
ਜਵੱਦੀ ਟਕਸਾਲ ਵਿਖੇ ਗੁਰਸ਼ਬਦ ਸੰਗੀਤ ਅਕੈਡਮੀ ਵਿੱਚ ਲੰਬਾ ਸਮਾਂ ਗੁਰਮਤਿ ਸੰਗੀਤ ਸਿੱਖਿਆ ਦੇਣ ਵਾਲੇ ਉਸਤਾਦ ਦਲੀਪ ਸਿੰਘ ਦੀ ਮਿੱਠੀ ਯਾਦ ਵਿੱਚ ਵਿਸ਼ੇਸ਼ ਤੰਤੀ ਸਾਜ ਤੇ ਤਬਲਾ ਸੋਲੋ ਸਮਾਗਮ ਹੋਇਆ, ਜਿਸ ਵਿੱਚ ਸੰਗੀਤਕ ਦੁਨੀਆ ਦੇ ਪ੍ਰਸਿੱਧ ਸਾਜ ਵਾਦਕਾਂ ਨੇ ਆਪਣੇ ਸਾਜਾਂ ਦੀ ਸੋਲੋ ਪ੍ਰਦਰਸ਼ਨ ਕੀਤਾ। ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਹੋਏ ਸਮਾਗਮ ਦੀ ਆਰੰਭਤਾ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀ ਭਾਈ ਬਖਸ਼ੀਸ਼ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਪਵਨਪ੍ਰੀਤ ਸਿੰਘ ਅਤੇ ਭਾਈ ਗੁਰਪ੍ਰਤਾਪ ਸਿੰਘ ਨੇ ਤੰਤੀ ਸਾਜਾਂ ਨਾਲ ਗੁਰਬਾਣੀ ਕੀਰਤਨ ਕਰਕੇ ਕੀਤੀ। ਇਸ ਵਿੱਚ ਦਿਵਿਯਾਂਸ ਹਰਸ਼ਿਤ ਸ਼੍ਰੀਵਾਸਤਵ ਨੇ ਸੰਤੂਰ ਸਾਜ ਦੀ ਸੋਲੋ ਪੇਸ਼ ਕੀਤੀ। ਇਨ੍ਹਾਂ ਤੋਂ ਇਲਾਵਾ ਪ੍ਰਸਿੱਧ ਤਬਲਾ ਵਾਦਕ ਸੁਰਜੀਤ ਸਿੰਘ ਅਤੇ ਜਸਜੀਤ ਸਿੰਘ ਨੇ ਤਬਲੇ ਦੀ ਸੋਲੋ ਪੇਸ਼ ਕੀਤੀ। ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਉਸਤਾਦ ਦਲੀਪ ਸਿੰਘ ਦੀ ਗੁਰਸ਼ਬਦ ਸੰਗੀਤ ਅਕੈਡਮੀ ਨੂੰ ਬਹੁਤ ਵੱਡੀ ਦੇਣ ਹੈ। ਸਮਾਗਮ ਉਪਰੰਤ ਆਏ ਉਸਤਾਦਾਂ ਦਾ ਸੰਤ ਬਾਬਾ ਅਮੀਰ ਸਿੰਘ ਵੱਲੋਂ ਦੁਸ਼ਾਲੇ ਭੇਟ ਕਰਕੇ ਸਨਮਾਨ ਕੀਤਾ ਗਿਆ।