ਮੁੰਬਈ: ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਦੇਸ਼ ਭਰ ਵਿੱਚ ਕੋਵਿਡ-19 ਲਾਗ ਦੇ ਵਧਦੇ ਕੇਸ ਫ਼ਿਕਰਮੰਦੀ ਦਾ ਵਿਸ਼ਾ ਹੈ, ਪਰ ਇਸ ਨਾਲ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਸ਼ੁਰੂ ਕੀਤੇ ਮੌਜੂਦਾ ਅਮਲ ‘ਤੇ ਕੋਈ ਅਸਰ ਨਹੀਂ ਪਏਗਾ। ਉਨ੍ਹਾਂ ਕਿਹਾ ਕਿ ਇਹ ਅਮਲ ‘ਬੇਰੋਕ’ ਜਾਰੀ ਰਹੇਗਾ। ਦਾਸ ਨੇ ਕਿਹਾ ਕਿ ਹਾਲ ਦੀ ਘੜੀ ਲੌਕਡਾਊਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਦਾਸ ਨੇ ਜ਼ੋਰ ਦੇ ਕੇ ਆਖਿਆ ਕਿ ਆਰਬੀਆਈ ਨੇ ਵਿੱਤੀ ਸਾਲ 2021-22 ਲਈ ਵਿਕਾਸ ਦਰ 10.5 ਫੀਸਦ ਰਹਿਣ ਦੇ ਟੀਚੇ ਨੂੰ ਬਹਾਲ ਰੱਖਿਆ ਹੈ ਤੇ ਇਸ ‘ਤੇ ਨਜ਼ਰਸਾਨੀ ਦੀ ਕੋਈ ਲੋੜ ਨਹੀਂ ਹੈ। ਦਾਸ ਨੇ ਕਿਹਾ ਕਿ ਉਹ ਸਰਕਾਰ ਨਾਲ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ ਤੇ ਇਸ ਅਮਲ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਥੇ ਇੰਡੀਆ ਇਕਨੌਮਿਕ ਕਨਕਲੇਵ ਮੌਕੇ ਬੋਲਦਿਆਂ ਦਾਸ ਨੇ ਵਿਸ਼ਵਾਸ ਜਤਾਇਆ ਕਿ ਕਰੋਨਾ ਵਾਇਰਸ ਲਾਗ ਦੀ ਨਵੀਂ ਲਹਿਰ ਨਾਲ ਆਰਥਿਕ ਵਿਕਾਸ ਵਿੱਚ ਸੁਧਾਰ ਦੀ ਰਫ਼ਤਾਰ ਅਸਰਅੰਦਾਜ਼ ਨਹੀਂ ਹੋਵੇਗੀ। ਵਧਦੀ ਮਹਿੰਗਾਈ ਬਾਰੇ ਪੁੱਛੇ ਸਵਾਲ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਦਾਸ ਨੇ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੀ ਮੁਦਰਾ ਨੀਤੀ ਕਮੇਟੀ ਵਿੱਚ ਕੀਤੇ ਜਾਣ ਵਾਲੇ ਫੈਸਲਿਆਂ ਦੀ ਉਡੀਕ ਕੀਤੀ ਜਾਵੇ। -ਪੀਟੀਆਈ