ਕੋਲੰਬੋ: ਸ੍ਰੀ ਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਸ਼ਿਕਾਰ ਕਰਨ ਦੇ ਦੋਸ਼ ਹੇਠ ਲਗਪਗ 54 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਮੱਛੀਆਂ ਫੜਨ ਵਾਲੇ ਜਾਲਦਾਰ 5 ਜਹਾਜ਼ਾਂ ਨੂੰ ਜ਼ਬਤ ਕਰ ਲਿਆ ਹੈ। ਜਲ ਸੈਨਾ ਵੱਲੋਂ ਬੀਤੇ ਦਿਨ ਉੱਤਰੀ ਤੇ ਉਤਰ-ਪੂਰਬੀ ਖੇਤਰ ਵਿੱਚੋਂ ਇਨ੍ਹਾਂ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਆਪਣੇ ਬਿਆਨ ਵਿੱਚ ਸ੍ਰੀਲੰਕਾ ਜਲ ਸੈਨਾ ਨੇ ਕਿਹਾ ਕਿ ਵਿਦੇਸ਼ੀ ਮਛੇਰਿਆਂ ਵੱਲੋਂ ਸ੍ਰੀਲੰਕਾ ਦੇ ਜਲ ਖੇਤਰ ਵਿੱਚ ਆ ਕੇ ਗ਼ੈਰਕਾਨੂੰਨੀ ਤਰੀਕੇ ਨਾਲ ਸ਼ਿਕਾਰ ਕੀਤੇ ਜਾਣ ਦੇ ਸਥਾਨਕ ਮਛੇਰਿਆਂ ਤੇ ਦੇਸ਼ ਦੇ ਮੱਛੀ ਸਰੋਤਾਂ ‘ਤੇ ਪੈ ਰਹੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਨੇਵੀ ਵੱਲੋਂ ਇਨ੍ਹਾਂ ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਇਸੇ ਦੌਰਾਨ ਜਲ ਸੈਨਾ ਵੱਲੋਂ ਜਾਫਨਾ ਤੇ ਕੋਵੀਲਨ ਤੱਟੀ ਖੇਤਰ ਵਿੱਚੋਂ ਵੱਡੀ ਗਿਣਤੀ ਭਾਰਤੀ ਜਹਾਜ਼, ਜਿਨ੍ਹਾਂ ‘ਤੇ 14 ਵਿਅਕਤੀ ਸਵਾਰ ਸਨ ਨੂੰ ਫੜਿਆ ਗਿਆ। ਦੋ ਹੋਰ ਮੱਛੀ ਫੜਨ ਵਾਲੇ ਭਾਰਤੀ ਬੇੜਿਆਂ ਵਿੱਚ ਸਵਾਰ 20 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ