ਕੋਵੀਸ਼ੀਲਡ ਤੇ ਕੋਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ: ਵਰਧਨ


ਵੀਂ ਦਿੱਲੀ, 26 ਮਾਰਚ

ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਦੇਸ਼ ਵਿੱਚ ਲੋਕਾਂ ਨੂੰ ਲਾਈਆਂ ਜਾ ਰਹੀਆਂ ਦੋਵੇਂ ਵੈਕਸੀਨਾਂ ‘ਕੋਵੈਕਸੀਨ ਤੇ ਕੋਵੀਸ਼ੀਲਡ’ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਇਨ੍ਹਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ-ਸ਼ੁਬ੍ਹਾ ਜਾਂ ਚਿੰਤਾ ਨਹੀਂ ਹੈ। ਵਰਧਨ ਇਥੇ ਇੰਡੀਆ ਇਕਨੌਮਿਕ ਕਾਨਕਲੇਵ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਾਰੇ ਰਾਜਾਂ ਤੇ ਯੂਟੀ’ਜ਼ ਦੇ ਮੁੱਖ ਸਕੱਤਰਾਂ ਨੂੰ ਪੱਤਰ ਜਾਰੀ ਕਰਕੇ ਕੋਵਿਡ-19 ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਅਗਾਮੀ ਹੋਲੀ, ਈਸਟਰ ਤੇ ਈਦ ਦੇ ਤਿਉਹਾਰਾਂ ਮੌਕੇ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬੇ ਤੇ ਯੂਟੀਜ਼ ਨੂੰ ਹਾਲਾਤ ਦੇ ਮੁਲਾਂਕਣ ਮੁਤਾਬਕ ਜ਼ਿਲ੍ਹਾ, ਉਪ ਜ਼ਿਲ੍ਹਾ ਅਤੇ ਸ਼ਹਿਰ ਤੇ ਵਾਰਡ ਪੱਧਰ ‘ਤੇ ਸਥਾਨਕ ਪਾਬੰਦੀਆਂ ਲਾਉਣ ਦੀ ਖੁੱਲ੍ਹ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕਰੋਨਾ ਦੇ ਰਿਕਾਰਡ 59,118 ਨਵੇਂ ਕੇਸ ਸਾਹਮਣੇ ਆੲੇ ਹਨ ਜਦੋਂਕਿ 257 ਹੋੋਰ ਵਿਅਕਤੀ ਮੌਤ ਦੇ ਮੂੰਹ ਜਾ ਪਏ। ਕੋਵਿਡ-19 ਦੇ ਸਰਗਰਮ ਕੇਸਾਂ ਦਾ ਲੋਡ ਸਾਢੇ ਤਿੰਨ ਮਹੀਨਿਆਂ ਮਗਰੋਂ 4 ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਮਹਾਰਾਸ਼ਟਰ, ਪੰਜਾਬ, ਕਰਨਾਟਕ, ਛੱਤੀਸਗੜ੍ਹ, ਕੇਰਲਾ ਤੇ ਗੁਜਰਾਤ ਵਿੱਚ ਕੋਵਿਡ-19 ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਜਾਰੀ ਹੈ। ਕਰੋਨਾ ਦੇ ਨਵੇਂ ਕੇਸਾਂ ‘ਚੋਂ 80 ਫੀਸਦ ਕੇਸ ਇਨ੍ਹਾਂ ਸੂਬਿਆਂ ‘ਚੋ ਹਨ। -ਪੀਟੀਆਈ

ਪੰਜਾਬ ‘ਚ ਰਿਕਾਰਡ 3176 ਨਵੇਂ ਕੇਸ; 59 ਮੌਤਾਂ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਨੇ 59 ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਸ ਸਮੇਂ ਦੌਰਾਨ 3176 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ 6576 ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਸੂਬੇ ਵਿੱਚ ਹੁਣ ਤੱਕ 2.26 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਤੇ 1.96 ਲੱਖ ਤੋਂ ਵੱਧ ਠੀਕ ਵੀ ਹੋਏ ਹਨ, 22,652 ਜ਼ੇਰੇ ਇਲਾਜ ਹਨ। ਹੁਸ਼ਿਆਰਪੁਰ ਤੇ ਜਲੰਧਰ ਵਿੱਚ 14-14, ਲੁਧਿਆਣਾ ‘ਚ 5, ਬਠਿੰਡਾ, ਅੰਮ੍ਰਿਤਸਰ, ਕਪੂਰਥਲਾ ਤੇ ਨਵਾਂਸ਼ਹਿਰ ‘ਚ 4-4, ਪਟਿਆਲ਼ਾ ‘ਚ 3, ਸੰਗਰੂਰ 2, ਫਰੀਦਕੋਟ, ਗੁਰਦਾਸਪੁਰ, ਰੋਪੜ, ਤਰਨ ਤਾਰਨ ਤੇ ਮੁਹਾਲੀ ‘ਚ ਇਕ ਇੱਕ ਵਿਅਕਤੀ ਦੀ ਮੌਤ ਹੋਈ ਹੈ।



Source link