ਕਿਸਾਨੀ ਮੋਰਚੇ: ਅੰਦੋਲਨ ਹੋਰ ਭਖਾਉਣ ਦਾ ਸੱਦਾ

ਕਿਸਾਨੀ ਮੋਰਚੇ: ਅੰਦੋਲਨ ਹੋਰ ਭਖਾਉਣ ਦਾ ਸੱਦਾ


ਦਵਿੰਦਰ ਪਾਲ

ਚੰਡੀਗੜ੍ਹ, 27 ਮਾਰਚ

ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਪੌਣੇ 6 ਮਹੀਨਿਆਂ ਦੇ ਵੱਧ ਸਮੇਂ ਤੋਂ ਚੱਲ ਰਹੇ ਸੰਘਰਸ਼ ਦੌਰਾਨ ਅੱਜ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ਵਿਆਪੀ ਬੰਦ ਦੇ ਸੱਦੇ ਨੂੰ ਮੁਲਕ ਭਰ ‘ਚ ਮਿਲੇ ਸਮਰਥਨ ਤੋਂ ਬਾਅਦ ਹਾਕਮ ਭਾਰਤੀ ਜਨਤਾ ਪਾਰਟੀ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਤੇ ਪੂੰਜੀਪਤੀਆਂ ਦੀ ਤਰਫ਼ਦਾਰੀ ਛੱਡ ਕੇ ਤੁਰੰਤ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਸੂਬੇ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ਉਪਰ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਧਰਨਿਆਂ ਦੌਰਾਨ ਕਿਸਾਨ ਬੁਲਾਰਿਆਂ ਨੇ ਇੱਕੋ ਸੁਰ ਵਿੱਚ ਕਿਹਾ ਕਿ ਹੁਕਮਰਾਨ ਧਿਰ ਵੱਲੋਂ ਕਿਸਾਨੀ ਅੰਦੋਲਨ ਨੂੰ ਮਹਿਜ਼ ਪੰਜਾਬ ਦਾ ਅੰਦੋਲਨ ਕਰਾਰ ਦੇ ਕੇ ਲੋਕ ਰੋਹ ਤੋਂ ਅੱਖਾਂ ਮੀਟੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ 26 ਮਾਰਚ ਨੂੰ ਦਿੱਲੀ ਮੋਰਚੇ ਦੇ ਚਾਰ ਮਹੀਨੇ ਮੁਕੰਮਲ ਹੋਣ ‘ਤੇ ਜਿਸ ਤਰ੍ਹਾਂ ਲੋਕਾਂ ਨੇ ਬੰਦ ਦੀ ਹਮਾਇਤ ਕੀਤੀ ਹੈ, ਉਸ ਤੋਂ ਸਾਬਤ ਹੋ ਗਿਆ ਹੈ ਕਿ ਇਹ ਅੰਦੋਲਨ ਦੇਸ਼ਵਿਆਪੀ ਹੈ ਤੇ ਭਾਜਪਾ ਦੀਆਂ ਚੂਲਾਂ ਹਿਲਾ ਕੇ ਰੱਖ ਦੇਵੇਗਾ। ਸੰਯੁਕਤ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਕਿਸਾਨ ਆਗੂ ਪ੍ਰੇਮ ਸਿੰਘ ਭੰਗੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਹੋਰਨਾਂ ਨੇ ਵੱਖੋ ਵੱਖਰੇ ਬਿਆਨਾਂ ਰਾਹੀਂ ਦੱਸਿਆ ਕਿ ਪੰਜਾਬ ਦੇ ਮੋਰਚਿਆਂ ‘ਤੇ ਕਿਸਾਨਾਂ ਦਾ ਇਕੱਠ ਪਹਿਲਾਂ ਵਾਂਗ ਜਾਰੀ ਹੈ ਤੇ ਕਿਸਾਨਾਂ ਵੱਲੋਂ ਕਣਕ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਕਿਸਾਨੀ ਅੰਦੋਲਨ ਨੂੰ ਭਖਦਾ ਰੱਖਣ ਦੀ ਵਿਉਂਤਬੰਦੀ ਕਰ ਲਈ ਹੈ।

ਸੰਗਰਾਮ ਜਾਰੀ ਰੱਖਣ ਲਈ ਸੂਬੇ ਭਰ ਵਿੱਚ ਨਾਟਕਾਂ ਦਾ ਮੰਚਨ

ਚੰਡੀਗੜ੍ਹ (ਟਨਸ): ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਵਿਸ਼ਵ ਰੰਗ ਮੰਚ ਦਿਹਾੜੇ ਮੌਕੇ ਅੱਜ ਦਿੱਲੀ ਮੋਰਚੇ ਸਮੇਤ ਪੰਜਾਬ ਦੀਆਂ ਕਈ ਥਾਵਾਂ ‘ਤੇ ਪਲਸ ਮੰਚ ਅਤੇ ਹੋਰ ਨਾਟ ਤੇ ਸੰਗੀਤ ਮੰਡਲੀਆਂ ਵੱਲੋਂ ਨਾਟਕਾਂ ਰਾਹੀਂ ਲੋਕ ਸੰਗਰਾਮ ਜਾਰੀ ਰੱਖਣ ਲਈ ਨਗਾਰੇ ਚੋਟ ਲਗਾਈ ਗਈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ, ਮੁਹਾਲੀ, ਪਟਿਆਲਾ, ਬਠਿੰਡਾ, ਬਰਨਾਲਾ, ਮੋਗਾ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਮਾਨਸਾ, ਗੁਰਦਾਸਪੁਰ ਅਤੇ ਦਿੱਲੀ ਮੋਰਚਿਆਂ ‘ਤੇ ਅੱਜ ‘ਦਿੱਲੀਓਂ ਖਾਲੀ ਨੀ ਪਰਤੇਗਾ ਦੁੱਲਾ’, ‘ਮੈਂ ਦਿੱਲੀਓਂ ਦੁੱਲਾ ਬੋਲ ਰਿਹਾਂ’, ‘ਉੱਠਣ ਦਾ ਵੇਲਾ’, ‘ਐਂ ਕਿਵੇਂ ਖੋਹ ਲੈਣਗੇ ਜ਼ਮੀਨਾਂ ਸਾਡੀਆਂ’, ‘ਛਿਪਣ ਤੋਂ ਪਹਿਲਾਂ’, ‘ਸੰਮਾਂ ਵਾਲੀ ਡਾਂਗ’, ‘ਜੇ ਹੁਣ ਵੀ ਨਾ ਬੋਲੇ’, ‘ਮੈਂ ਅੰਦੋਲਨਜੀਵੀ ਹਾਂ’, ‘ਸਬਲਾ’ ਆਦਿ ਨਾਟਕ ਖੇਡੇ ਗਏ। ਇਸ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਗਰਾਮ ਦੇ ਮੁੱਦਿਆਂ ਤੋਂ ਇਲਾਵਾ ਜਮਹੂਰੀ ਹੱਕਾਂ ‘ਤੇ ਬੋਲੇ ਗਏ ਧਾਵੇ ਰੋਕਣ ਲਈ ਜਨਤਕ ਜਮਹੂਰੀ ਲਹਿਰ ਸਿਰਜਣ ਦਾ ਹੋਕਾ ਦਿੱਤਾ ਗਿਆ। ਰੰਗ ਮੰਚ ਦਿਹਾੜੇ ਨਾਲ ਸਬੰਧਤ ਇਨ੍ਹਾਂ ਪੇਸ਼ਕਾਰੀਆਂ ਵਿੱਚ ਲੜਕੀਆਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ।



Source link