ਆਰਥਿਕ ਤੰਗੀ ਤੇ ਕਰਜ਼ੇ ਕਾਰਨ ਜੋੜੇ ਵੱਲੋਂ ਖ਼ੁਦਕੁਸ਼ੀ


ਮੋਗਾ (ਮਹਿੰਦਰ ਸਿੰਘ ਰੱਤੀਆਂ): ਜ਼ਿਲ੍ਹੇ ਦੇ ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਰਮੂਵਾਲਾ ਨਵਾਂ ਵਿਚ ਆਰਥਿਕ ਤੰਗੀ ਤੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਜੋੜੇ ਨੇ ਘਰੇਲੂ ਕਲੇਸ਼ ਤੋਂ ਬਾਅਦ ਸਲਫ਼ਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਉਹ ਆਪਣੇ ਪਿੱਛੇ 15 ਸਾਲ ਦੀ ਧੀ ਅਤੇ 9 ਸਾਲ ਦਾ ਪੁੱਤਰ ਛੱਡ ਗਏ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਥਾਣਾ ਮਹਿਣਾ ਮੁਖੀ ਕੋਮਲਪ੍ਰੀਤ ਸਿੰਘ ਨੇ ਕਿਹਾ ਕਿ ਜੋੜੇ ਦਾ ਧਾਰਾ 174 ਸੀਆਰਪੀਸੀ ਤਹਿਤ ਪੋਸਟ ਮਾਰਟਮ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਿਚ ਕਿਸੇ ਗੱਲੋਂ ਕਲੇਸ਼ ਵੀ ਰਹਿੰਦਾ ਸੀ ਤੇ ਪਰਿਵਾਰ ਆਰਥਿਕ ਪੱਖ ਤੇ ਕਰਜ਼ੇ ਤੋਂ ਵੀ ਦੁਖੀ ਸੀ। ਪੁਲੀਸ ਮੁਤਾਬਕ ਸੁਖਦੇਵ ਸਿੰਘ (40) ਤੇ ਕਰਮਜੀਤ ਕੌਰ (35) ਨੇ ਸ਼ਨਿਚਰਵਾਰ ਸਲਫ਼ਾਸ ਨਿਗਲ ਲਈ ਸੀ। ਔਰਤ ਦੀ ਹਸਪਤਾਲ ਲਿਜਾਂਦੇ ਅਤੇ ਉਸ ਦੇ ਪਤੀ ਦੀ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਸੁਖਦੇਵ ਸਿੰਘ ਇਕ ਦਰਮਿਆਨਾ ਕਿਸਾਨ ਸੀ ਉਸ ਕੋਲ ਕਰੀਬ 3 ਏਕੜ ਜ਼ਮੀਨ ਸੀ। ਖੇਤੀ ਦੇ ਨਾਲ ਉਹ ਟਰੱਕ ਚਾਲਕ ਵੀ ਸੀ। ਉਸ ਨੇ ਤਿੰਨ ਸਾਲ ਪਹਿਲਾਂ ਖੇਤ ਵਿਚ ਟਿਊਬਵੈੱਲ ਬੋਰ ਕਰਵਾਉਣ ਲਈ ਕਰੀਬ ਸਾਢੇ ਤਿੰਨ ਲੱਖ ਦਾ ਕਰਜ਼ਾ ਲਿਆ ਸੀ। ਉਹ ਕਰਜ਼ੇ ਦੀ ਰਾਸ਼ੀ ਮੋੜ ਨਹੀਂ ਸੀ ਸਕਿਆ ਅਤੇ ਮਹਾਮਾਰੀ ਕਾਰਨ ਆਰਥਿਕ ਤੰਗੀ ਦਾ ਵੀ ਸਾਹਮਣਾ ਕਰ ਰਿਹਾ ਸੀ।Source link