ਭਾਜਪਾ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ


* ਰਾਜਪਾਲ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ * ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ

ਚਰਨਜੀਤ ਭੁੱਲਰ

ਚੰਡੀਗੜ੍ਹ, 28 ਮਾਰਚ

ਭਾਰਤੀ ਜਨਤਾ ਪਾਰਟੀ ਨੇ ਫਾਜ਼ਿਲਕਾ ਤੋਂ ਪਾਰਟੀ ਵਿਧਾਇਕ ਅਰੁਣ ਨਾਰੰਗ ‘ਤੇ ਹੋਏ ਹਮਲੇ ਦੇ ਰੋਸ ਵਜੋਂ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਦੋ ਹੋਰ ਭਾਜਪਾ ਆਗੂਆਂ ਨੇ ਇਸ ਮੌਕੇ ਕੱਪੜੇ ਲਾਹ ਕੇ ਰੋਹ ਪ੍ਰਗਟਾਇਆ। ਚੰਡੀਗੜ੍ਹ ਪੁਲੀਸ ਮੌਕੇ ਸਿਰ ਇਨ੍ਹਾਂ ਆਗੂਆਂ ਨੂੰ ਰੋਕਣ ‘ਚ ਅਸਫਲ ਰਹੀ ਜਿਸ ਕਾਰਨ ਇਹ ਆਗੂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪਹੁੰਚ ਗਏ। ਉਸ ਮਗਰੋਂ ਪੁਲੀਸ ਨੇ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਦਾ ਵਫ਼ਦ ਰਾਜਪਾਲ ਨੂੰ ਵੀ ਮਿਲਿਆ। ਰਾਜਪਾਲ ਨੇ ਅਰੁਣ ਨਾਰੰਗ ‘ਤੇ ਹੋਏ ਹਮਲੇ ਦੀ ਰਿਪੋਰਟ ਪੰਜਾਬ ਸਰਕਾਰ ਤੋਂ ਤਲਬ ਕਰ ਲਈ ਹੈ। ਰਾਜਪਾਲ ਵੀਪੀ ਸਿੰਘ ਬਦਨੌਰ ਨੇ ਇਸ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਵੀ ਕੀਤੀ ਹੈ। ਭਾਜਪਾ ਦੇ ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਦਿਆਂ ਇਸ ਘਟਨਾ ਪਿੱਛੇ ਕਾਂਗਰਸ ਦਾ ਹੱਥ ਦੱਸਿਆ। ਭਾਜਪਾ ਆਗੂਆਂ ਨੇ ਕਿਹਾ ਕਿ ਭਾਜਪਾ ਵਿਧਾਇਕ ‘ਤੇ ਹੋਇਆ ਹਿੰਸਕ ਹਮਲਾ ਸੱਤਾਧਾਰੀ ਪਾਰਟੀ ਦੀ ਸ਼ਹਿ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਅਤੇ ਰਾਜ ‘ਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ। ਉੱਧਰ ਰਾਜਪਾਲ ਨੇ ਭਾਜਪਾ ਵਿਧਾਇਕ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਥਾਰਟੀਆਂ ਕਿਸੇ ‘ਤੇ ਵੀ ਅਜਿਹੇ ਹਮਲਿਆਂ ਦੀ ਆਗਿਆ ਨਹੀਂ ਦੇ ਸਕਦੀਆਂ। ਰਾਜਪਾਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪਿੰਡਾਂ ‘ਚੋਂ ਕਿਸਾਨਾਂ ਦੀ ਫੜੋ-ਫੜੀ

ਮਲੋਟ (ਲਖਵਿੰਦਰ ਸਿੰਘ): ਵਿਧਾਇਕ ਅਰੁਣ ਨਾਰੰਗ ਦੇ ਮਾਮਲੇ ਵਿੱਚ ਮਲੋਟ ਪੁਲੀਸ ਨੇ ਸੀਸੀਟੀਵੀ ਅਤੇੇ ਹੋਰ ਫੁਟੇਜ ਦੇ ਆਧਾਰ ‘ਤੇ ਚਾਰ ਵਿਅਕਤੀਆਂ ਨੂੰ ਫੜਿਆ ਹੈ ਜਦਕਿ 20 ਤੋਂ 25 ਹੋਰ ਬੰਦਿਆਂ ਦੀ ਸ਼ਨਾਖਤ ਕੀਤੀ ਹੈ ਜੋ ਇਸ ਘਟਨਾਕ੍ਰਮ ਵਿੱਚ ਸ਼ਾਮਲ ਸਨ। ਇਸ ਮਸਲੇ ਵਿੱਚ ਸਥਾਨਕ ਪੁਲੀਸ ਵੱਖ-ਵੱਖ ਪਿੰਡਾਂ ‘ਚੋਂ ਕਿਸਾਨਾਂ ਦੀ ਫੜੋ-ਫੜੀ ਕਰ ਰਹੀ ਹੈ। ਪਿੰਡ ਗੁਰੂਸਰ ਯੋਧਾ ਅਤੇ ਮਿੱਡਾ ‘ਚੋਂ ਕੁਝ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਆਪਣੇ ਸੋਸ਼ਲ ਮੀਡੀਆ ਗਰੁੱਪਾਂ ਰਾਹੀਂ ਸਵੇਰੇ 9 ਵਜੇ ਬਠਿੰਡਾ ਚੌਕ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਿੲਸ ਮਾਮਲੇ ‘ਚ ਸੱਤ ਕਿਸਾਨ ਆਗੂਆਂ ਸਮੇਤ 250-300 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਿਟੀ ਮਲੋਟ ਪੁਲੀਸ ਵੱਲੋਂ ਝੜਪ ਸਬੰਧੀ ਐੱਸਪੀਐੱਚ ਗੁਰਮੇਲ ਸਿੰਘ ਦੇ ਬਿਆਨਾਂ ‘ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਲਖਨਪਾਲ ਸ਼ਰਮਾ ਉਰਫ ਲੱਖਾ ਪਿੰਡ ਆਲਮ ਵਾਲਾ, ਸੁਖਦੇਵ ਸਿੰਘ ਬੂੜਾਗੁੱਜਰ, ਨਿਰਮਲ ਸਿੰਘ ਜੱਸੇਆਣਾ, ਨਾਨਕ ਸਿੰਘ ਫਕਰਸਰ, ਕੁਲਵਿੰਦਰ ਸਿੰਘ ਦਾਨੇਵਾਲਾ, ਰਾਜਵਿੰਦਰ ਸਿੰਘ ਜੰਡਵਾਲਾ, ਅਵਤਾਰ ਸਿੰਘ ਫ਼ਕਰਸਰ ਸਮੇਤ 250-300 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 307, 353, 186, 188, 332, 342, 506, 148, ਅਤੇ 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾਕ੍ਰਮ ਦੌਰਾਨ ਜ਼ਖ਼ਮੀ ਹੋਏ ਐੱਸਪੀਐੱਚ ਗੁਰਮੇਲ ਸਿੰਘ ਸਰਕਾਰੀ ਹਸਪਤਾਲ ਮਲੋਟ ਵਿੱਚ ਜੇਰੇ ਇਲਾਜ ਹਨ।

ਮੁੱਖ ਮੰਤਰੀ ਅਸਤੀਫਾ ਦੇਣ: ਸ਼ਰਮਾ

ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਘਟਨਾ ਨੂੰ ਲੈ ਕੇ ਫੌਰੀ ਅਸਤੀਫਾ ਦੇਣਾ ਚਾਹੀਦਾ ਹੈ। ਹੁਣ ਸਬਰ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਉਹ ਇਸ ਮਾਮਲੇ ‘ਤੇ ਸੰਘਰਸ਼ ਛੇੜਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਘਟਨਾ ਦੀ ਨਿੰਦਾ ਕਰ ਰਹੀ ਹੈ ਅਤੇ ਦੂਸਰੇ ਪਾਸੇ ਗੁੰਡਾ ਅਨਸਰਾਂ ਨੂੰ ਸ਼ਹਿ ਦੇ ਕੇ ਕਿਸਾਨਾਂ ਦੇ ਨਾਂ ‘ਤੇ ਸਿਆਸਤ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਤਾਂ ਅਤਿਵਾਦ ਦੇ ਸਮੇਂ ਵੀ ਨਹੀਂ ਹੋਇਆ ਸੀ ਅਤੇ ਉਦੋਂ ਵੀ ਸਿਆਸੀ ਸਟੇਜਾਂ ਲੱਗਦੀਆਂ ਸਨ। ਅਸ਼ਵਨੀ ਸ਼ਰਮਾ ਨੇ ਇੱਥੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮਲੋਟ ‘ਚ ਪੁਲੀਸ ਦੀ ਮੌਜੂਦਗੀ ‘ਚ ਵਾਪਰੀ ਘਟਨਾ ਵਿਚ ਵਿਧਾਇਕ ਅਰੁਣ ਨਾਰੰਗ ਨਹੀਂ ਬਲਕਿ ਵਿਧਾਨ ਸਭਾ ਨਿਰਵਸਤਰ ਹੋਈ ਹੈ। ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਚੁੱਕੀ ਹੈ ਅਤੇ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਤਾਂ ਕੋਈ ਐਮਰਜੈਂਸੀ ਵੇਲੇ ਆਵਾਜ਼ ਬੰਦ ਨਹੀਂ ਕਰਾ ਸਕਿਆ ਸੀ। ਉਨ੍ਹਾਂ ਕਿਹਾ ਕਿ ਇਹ ਹਿੰਦੂ-ਸਿੱਖ ‘ਚ ਪਾੜਾ ਪਾਉਣ ਦੀ ਯੋਜਨਾ ਹੈ ਜਿਸ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਹ ਹਮਲਾ ਨਾਰੰਗ ‘ਤੇ ਨਹੀਂ ਬਲਕਿ ਭਾਜਪਾ ‘ਤੇ ਹੋਇਆ ਹੈ।

ਭਾਜਪਾ ਵੱਲੋਂ ਪੰਜਾਬ ‘ਚ ਮੁਜ਼ਾਹਰੇ

ਪੰਜਾਬ ਭਾਜਪਾ ਵੱਲੋਂ ਅੱਜ ਅਰੁਣ ਨਾਰੰਗ ‘ਤੇ ਹਮਲੇ ਦੇ ਵਿਰੋਧ ਵਜੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਮੁਜ਼ਾਹਰੇ ਕੀਤੇ ਗਏ ਅਤੇ ਰਾਜ ਸਰਕਾਰ ਦੇ ਪੁਤਲੇ ਸਾੜੇ ਗਏ। ਅੰਮ੍ਰਿਤਸਰ ਵਿਚ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ ਜਦਕਿ ਫਿਰੋਜ਼ਪੁਰ ਅਤੇ ਮਲੋਟ ਵਿਚ ਵੀ ਅੱਜ ਭਾਜਪਾ ਨੇ ਮੁਜ਼ਾਹਰੇ ਕੀਤੇ। ਇਸੇ ਤਰ੍ਹਾਂ ਪਟਿਆਲਾ ਤੋਂ ਇਲਾਵਾ ਹੋਰਨਾਂ ਥਾਵਾਂ ‘ਤੇ ਵੀ ਰੋਸ ਮੁਜ਼ਾਹਰੇ ਹੋਏ ਹਨ।Source link