ਵਾਸ਼ਿੰਗਟਨ/ਨਿਊਯਾਰਕ: ਭਾਰਤ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਮੁਤਾਬਕ ‘ਓਵਰਸੀਜ਼ ਸਿਟੀਜਨਜ਼ ਆਫ਼ ਇੰਡੀਆ’ ਦੇ ਕਾਰਡ ਰੱਖਣ ਵਾਲੇ ਭਾਰਤੀ ਮੂਲ ਦੇ ਲੋਕਾਂ ਅਤੇ ਭਾਰਤੀ ਪਰਵਾਸੀਆਂ ਨੂੰ ਹੁਣ ਭਾਰਤ ਦਾ ਸਫ਼ਰ ਕਰਨ ਲਈ ਆਪਣੇ ਪੁਰਾਣੇ ਅਤੇ ਮਿਆਦ ਪੁਗਾ ਚੁੱਕੇ ਪਾਸਪੋਰਟ ਆਪਣੇ ਨਾਲ ਰੱਖਣ ਦੀ ਲੋੜ ਨਹੀਂ ਪਵੇਗੀ। ਇਸ ਕਦਮ ਦਾ ਪਰਵਾਸੀ ਭਾਈਚਾਰੇ ਨੇ ਸੁਆਗਤ ਕੀਤਾ ਹੈ। ‘ਓਸੀਆਈ’ ਕਾਰਡ ਵਿਸ਼ਵ ਭਰ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਉਨ੍ਹਾਂ ਨੂੰ ਵੋਟ ਦਾ ਅਧਿਕਾਰ, ਸਰਕਾਰੀ ਸੇਵਾ ਤੇ ਖੇਤੀਬਾੜੀ ਲਈ ਜ਼ਮੀਨ ਖਰੀਦਣ ਦਾ ਅਧਿਕਾਰ ਦੇਣ ਤੋਂ ਬਿਨਾਂ ਵੀਜ਼ਾ ਭਾਰਤ ਦੇ ਸਫ਼ਰ ਦੀ ਆਗਿਆ ਦਿੰਦਾ ਹੈ।
ਅਮਰੀਕਾ ਵਿੱਚ ਭਾਰਤੀ ਮਿਸ਼ਨਾਂ ਨੇ ਕਿਹਾ ਹੈ ਕਿ ਓਸੀਆਈ ਕਾਰਡ ਹੋਲਡਰਾਂ ਦਾ ਸਫ਼ਰ ਸੌਖਾ ਬਣਾਉਣ ਲਈ ਓਸੀਆਈ ਕਾਰਡ ਹੋਲਡਰਾਂ ਦੇ ਆਰ/ਓ ਕਾਰਡਾਂ ਦੇ ਓਸੀਆਈ ਕਾਰਡਾਂ ਨੂੰ ਦੁਬਾਰਾ ਜਾਰੀ ਕਰਨ ਲਈ ਸਮਾਂ ਸੀਮਾ 31 ਦਸੰਬਰ 2021 ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਓਸੀਆਈ ਕਾਰਡ ਦੇ ਨਾਲ ਨਵੇਂ ਅਤੇ ਪੁਰਾਣੇ ਪਾਸਪੋਰਟ ਰੱਖਣ ਦੀ ਸ਼ਰਤ ਵੀ ਹਟਾ ਦਿੱਤੀ ਗਈ ਹੈ। ਹਾਲਾਂਕਿ ਨਵਾਂ ਪਾਸਪੋਰਟ ਰੱਖਣਾ ਜ਼ਰੂਰੀ ਹੋਵੇਗਾ। ਪਿਛਲੇ ਕਈ ਸਾਲਾਂ ਤੋਂ ਓਸੀਆਈ ਕਾਰਡ ਹੋਲਡਰਾਂ ਦਾ ਮੁੱਦਾ ਚੁੱਕ ਰਹੇ ਨਿਊਯਾਰਕ ਦੇ ਸਮਾਜਿਕ ਕਾਰਕੁਨ ਪ੍ਰੇਮ ਭੰਡਾਰੀ ਨੇ ਇਸ ਐਲਾਨ ਦਾ ਸੁਆਗਤ ਕੀਤਾ ਹੈ। ਉਨ੍ਹਾਂ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਭਾਰਤ ਸਰਕਾਰ ਦਾ ਇਸ ਵਰ੍ਹੇ 31 ਦਸੰਬਰ ਤੱਕ ਓਸੀਆਈ ਕਾਰਡਾਂ ਨੂੰ ਦੁਬਾਰਾ ਜਾਰੀ ਕਰਵਾਉਣ ਦੀ ਸਮਾਂ ਸੀਮਾ 31 ਦਸੰਬਰ ਤੱਕ ਵਧਾਉਣ ਅਤੇ ਦਿਸ਼ਾ ਨਿਰਦੇਸ਼ਾਂ ‘ਚ ਢਿੱਲ ਦੇਣ ਅਤੇ ਓਸੀਆਈ ਕਾਰਡ ਹੋਲਡਰਾਂ ਨੂੰ ਆਪਣੇ ਪੁਰਾਣੇ ਤੇ ਮਿਆਦ ਪੁਗਾ ਚੁੱਕੇ ਪਾਸਪੋਰਟ ਰੱਖਣ ਦੀ ਲੋੜ ਤੋਂ ਮਨ੍ਹਾ ਕਰਨ ਲਈ ਧੰਨਵਾਦ ਕੀਤਾ ਹੈ। -ਪੀਟੀਆਈ