ਧਰੁਵੀਕਰਨ ਹੀ ਭਾਜਪਾ ਦਾ ਧਰਮ: ਗਿਆਨੀ ਹਰਪ੍ਰੀਤ ਸਿੰਘ

ਧਰੁਵੀਕਰਨ ਹੀ ਭਾਜਪਾ ਦਾ ਧਰਮ: ਗਿਆਨੀ ਹਰਪ੍ਰੀਤ ਸਿੰਘ


ਮੁੱਖ ਅੰਸ਼

  • ਅਕਾਲ ਤਖ਼ਤ ਦੇ ਜਥੇਦਾਰ ਨੇ ਲੋਕਤੰਤਰਿਕ ਸੰਸਥਾਵਾਂ ਖ਼ਤਰੇ ‘ਚ ਦੱਸੀਆਂ
  • ਕਿਸਾਨਾਂ ਨੂੰ ਭਾਈਚਾਰਕ ਸਾਂਝ ਬਰਕਰਾਰ ਰੱਖ ਕੇ ਸੰਘਰਸ਼ ਜਾਰੀ ਰੱਖਣ ਦੀ ਅਪੀਲ

ਬੀ.ਐੱਸ. ਚਾਨਾ

ਸ੍ਰੀ ਆਨੰਦਪੁਰ ਸਾਹਿਬ, 30 ਮਾਰਚ

ਹੋਲਾ ਮਹੱਲਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੁੱਖ ਧਰਮ ਹੀ ਧਰੁਵੀਕਰਨ ਕਰਨਾ ਹੈ ਤੇ ਉਹ ਆਪਣਾ ਧਰਮ ਪੱਛਮੀ ਬੰਗਾਲ ‘ਚ ਵੀ ਨਿਭਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਸਿੱਖਾਂ ਨੂੰ ਇਸ ਨੂੰ ਸੰਜੀਦਗੀ ਨਾਲ ਲੈਣ ਅਤੇ ਸੁਚੇਤ ਹੋ ਕੇ ਵਿਚਾਰ ਕਰਦੇ ਰਹਿਣ ਦੀ ਲੋੜ ਹੈ।

ਪੰਜਾਬ ਵਿਚ ਹਿੰਦੂਆਂ ਦੇ ਧਰੁਵੀਕਰਨ ਬਾਰੇ ਪੁੱਛਣ ‘ਤੇ ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਦਾ ਇਹ ਧਰਮ ਹੈ ਤੇ ਭਾਜਪਾ ਦੇਸ਼ ਭਰ ਵਿੱਚ ਇਹੀ ਕਰ ਰਹੀ ਹੈ। ਪੰਜਾਬ ਤੇ ਕੇਂਦਰ ਦਰਮਿਆਨ ਬਣੀ ਟਕਰਾਅ ਵਾਲੀ ਸਥਿਤੀ ‘ਤੇ ਜਥੇਦਾਰ ਨੇ ਕਿਹਾ ਕਿ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਆਰਥਿਕ ਤੇ ਸਮਾਜਿਕ ਤੌਰ ‘ਤੇ ਹੋ ਚੁੱਕਾ ਹੈ ਤੇ ਹੋਰ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਲਈ ਜਾਰੀ ਕਿਸਾਨ ਅੰਦੋਲਨ ਨੂੰ ਬਹੁਤ ਹੀ ਸਮਝਦਾਰੀ ਨਾਲ ਚਲਾਉਣ ਦੀ ਲੋੜ ਹੈ ਤਾਂ ਜੋ ਭਾਈਚਾਰਕ ਸਾਂਝ ਬਰਕਰਾਰ ਰਹੇ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫ਼ਸੀਲ ਤੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਜਥੇਦਾਰ ਨੇ ਕਿਹਾ ਕਿ ਮੋਦੀ ਸਰਕਾਰ ਘੱਟ ਗਿਣਤੀਆਂ ਨਾਲ ਵਧੀਕੀਆਂ ਕਰ ਰਹੀ ਹੈ। ਦੇਸ਼ ਦੀਆਂ ਸਾਰੀਆਂ ਸੰਸਥਾਵਾਂ ‘ਤੇ ਰਾਜਨੀਤੀ ਭਾਰੂ ਹੋ ਚੁੱਕੀ ਹੈ ਫਿਰ ਭਾਵੇਂ ਉਹ ਨਿਆਂਪਾਲਿਕਾ, ਕਾਰਜਪਾਲਿਕਾ, ਚੋਣ ਕਮਿਸ਼ਨ, ਮੀਡੀਆ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਇਸ ਤਰ੍ਹਾਂ ਜਦ ਹਕੂਮਤ ਜ਼ਾਲਿਮ ਬਣ ਜਾਵੇ ਤਾਂ ਧਰਮ ਦਾ ਪੱਲਾ ਫੜਨ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲੇ ‘ਤੇ ਕੇਸਰੀ ਨਿਸ਼ਾਨ ਝੁਲਾਉਣ ਵਾਲਿਆਂ ‘ਤੇ ਸਰਕਾਰ ਨੇ ਧੜਾਧੜ ਪਰਚੇ ਦਰਜ ਕੀਤੇ ਪਰ ਕਿਸੇ ਨੇ ਬਾਂਹ ਨਹੀਂ ਫੜੀ, ਸੈਂਕੜੇ ਨੌਜਵਾਨ ਜੇਲ੍ਹਾਂ ‘ਚ ਡੱਕ ਦਿੱਤੇ ਗਏ। ਸਿਰਫ਼ ਦਿੱਲੀ ਗੁਰਦੁਆਰਾ ਕਮੇਟੀ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਬਾਂਹ ਫੜੀ। ਜਥੇਦਾਰ ਨੇ ਕਿਹਾ ਕਿ ਸਿੱਖਾਂ ਨੂੰ ਸੰਸਥਾਵਾਂ ਦੀ ਪਹਿਰੇਦਾਰੀ ਕਰਨ ਦੀ ਲੋੜ ਤਾਂ ਜੋ ਸੰਸਥਾਵਾਂ ਉਨ੍ਹਾਂ ਦੀ ਪਹਿਰੇਦਾਰੀ ਕਰ ਸਕਣ।

ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮੌਕੇ ਗੁਰੂ ਦੀਆਂ ਫੌਜਾਂ ਨਿਹੰਗ ਸਿੰਘਾਂ ਦੇ ਕਰਤੱਬ ਦੇਖਣ ਲਈ ਜੁੜੀ ਸੰਗਤ।

ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਸੜਕਾਂ ‘ਤੇ ਰੁਲਣ ਲਈ ਮਜਬੂਰ ਹੈ, ਹਾਕਮ ਕਿਸਾਨਾਂ ਦੀ ਅਵਾਜ਼ ਸੁਣਨ ਦੀ ਬਜਾਏ ਟੱਸ ਤੋਂ ਮੱਸ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 90 ਫੀਸਦ ਕੁਰਬਾਨੀਆਂ ਦਿੱਤੀਆਂ ਹਨ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਸਬਰ ਨੂੰ ਹੋਰ ਨਾ ਪਰਖਿਆ ਜਾਵੇ। ਉਨ੍ਹਾਂ ਹੋਲੇ ਮਹੱਲੇ ਮੌਕੇ ਸੰਗਤ ਨੂੰ ਮੁਬਾਰਕਬਾਦ ਦਿੰਦਿਆਂ ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।



Source link