ਭਾਦਸੋਂ: ਜਥੇਦਾਰ ਗੁਰਚਰਨ ਸਿੰਘ ਟੌਹੜਾਂ ਨੂੰ 17ਵੀਂ ਬਰਸੀ ਮੌਕੇ ਸ਼ਰਧਾਂਜਲੀਆਂ


ਹਰਦੀਪ ਸਿੰਘ ਭੰਗੂ/ ਗੌਰਵ ਸੂਦ
ਭਾਦਸੋਂ, 1 ਅਪਰੈਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੇ ਹਮੇਸ਼ਾਂ ਮਾਨਵਤਾ ਅਤੇ ਪੰਥ ਦੀ ਸੇਵਾ ਕੀਤੀ ਹੈ। ਇਹ ਗੱਲ ਕੈਬਨਿਟ ਮੰਤਰੀ ਸਾਧੂ ਸਿੰੰਘ ਧਰਮਸੋਤ ਨੇ ਪਿੰਡ ਟੌਹੜਾ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 17ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਬਗ਼ੈਰ ਕਿਸੇ ਲਾਲਚ ਪੰਥ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਇਸ ਦੌਰਾਨ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਨੇ ਕਿਹਾ ਕਿ ਜਥੇਦਾਰ ਟੌਹੜਾ ਨੇ ਜੋ ਘਾਲਣਾ ਮਾਨਵਤਾ ਦੀ ਸੇਵਾ ਲਈ ਕੀਤੀ ਹੈ ਉਸ ਤੋਂ ਸੇਧ ਲੈ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਕਲਰਮਾਜਰੀ, ਹਰਿੰਦਪਾਲ ਸਿੰਘ ਟੌਹੜਾ, ਮੱਖਣ ਸਿੰਘ ਟੌਹੜ, ਜ਼ਿਲ੍ਹਾ ਪਰਿਸ਼ਦ ਮੈਂਬਰ ਤੇਜਪਾਲ ਸਿੰਘ ਗੋਗੀ ਟਿਵਾਣਾ ਤੇ ਪਰਗਟ ਸਿੰਘ ਭੜੀ ਹਾਜ਼ਰ ਸਨ। ਜਿਥੇ ਸਮੁੱਚੇ ਦੇਸ਼ ਅੰਦਰ ਕਰੋਨਾ ਕਾਰਨ ਸਖਤ ਹਦਾਇਤਾਂ ਦੀ ਪਾਲਣਾ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਉਥੇ ਇਸ ਦੇ ਉਲਟ ਕੈਬਨਿਟ ਮੰਤਰੀ ਵਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ। ਉਹ ਸਾਥੀਆਂ ਸਮੇਤ ਇੱਕ ਕਮਰੇ ਵਿਚ ਬਗ਼ੈਰ ਮਾਸਕ ਅਤੇ ਸਮਾਜਿਕ ਦੂਰੀ ਤੋਂ ਬੈਠੇ। ਸਮਾਗਮ ਦੌਰਾਨ ਵੀ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਜੋ ਸਰਕਾਰ ਦੀਆਂ ਹਦਾਇਤਾਂ ਉਤੇ ਸਵਾਲੀਆ ਚਿੰਨ ਲਗਾਉਂਦਾ ਹੈ ।



Source link