ਨੰਦੀਗ੍ਰਾਮ, 1 ਅਪਰੈਲ
ਮੁੱਖ ਅੰਸ਼
- ਚੋਣ ਕਮਿਸ਼ਨ ਦੀ ਕੀਤੀ ਨਿੰਦਾ
- ਸ਼ਿਕਾਇਤਾਂ ‘ਤੇ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼
- ਸ਼ੁਵੇਂਦੂ ਅਧਿਕਾਰੀ ਦੇ ਕਾਫਲੇ ‘ਤੇ ਹੋਇਆ ਹਮਲਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਨੰਦੀਗ੍ਰਾਮ ‘ਚ ਤਾਇਨਾਤ ਕੇਂਦਰੀ ਦਸਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ ‘ਤੇ ਭਾਜਪਾ ਦੀ ਮਦਦ ਕਰ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵੀ ਸ਼ਾਹ ਦੀਆਂ ਹਦਾਇਤਾਂ ਦਾ ਪਾਲਣ ਕਰ ਰਿਹਾ ਹੈ ਅਤੇ ਕਥਿਤ ਬੇਨਿਯਮੀਆਂ ਬਾਰੇ ਟੀਐੱਮਸੀ ਵੱਲੋਂ ਦਿੱਤੀਆਂ ਸ਼ਿਕਾਇਤਾਂ ‘ਤੇ ਕਾਰਵਾਈ ਨਹੀਂ ਕਰ ਰਿਹਾ। ਮਮਤਾ ਬੈਨਰਜੀ ਨੇ ਨੰਦੀਗ੍ਰਾਮ ਤੋਂ ਆਪਣੀ ਜਿੱਤ ਦਾ ਭਰੋਸਾ ਜ਼ਾਹਿਰ ਕੀਤਾ ਹੈ। ਇਸੇ ਦੌਰਾਨ ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ ਪੱਛਮੀ ਬੰਗਾਲ ‘ਚ ਦੂਜੇ ਗੇੜ ਦੀਆਂ ਚੋਣਾਂ ਦੌਰਾਨ ਨਿੱਕੀਆਂ ਮੋਟੀਆਂ ਹਿੰਸਾ ਦੀਆਂ ਘਟਨਾਵਾਂ ਦਰਮਿਆਨ 80 ਫੀਸਦ ਤੋਂ ਵੱਧ ਵੋਟਾਂ ਪੋਲ ਹੋਈਆਂ ਹਨ।
ਉਨ੍ਹਾਂ ਨੰਦੀਗ੍ਰਾਮ ‘ਚ ਇੱਕ ਵੋਟ ਕੇਂਦਰ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, ‘ਸੀਆਰਪੀਐੱਫ, ਬੀਐੱਸਐੱਫ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਹਨ। ਉਹ ਸਿਰਫ਼ ਭਾਜਪਾ ਦੀ ਮਦਦ ਕਰ ਰਹੇ ਹਨ।’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੀਆਰਪੀਐੱਫ ਦੇ ਜਵਾਨਾਂ ਨੇ ਮਹਿਲਾ ਵੋਟਰਾਂ ਨਾਲ ਬਦਸਲੂਕੀ ਵੀ ਕੀਤੀ ਹੈ। ਚੋਣ ਬੂਥਾਂ ‘ਤੇ ਹਿੰਸਾ ਦੀਆਂ ਸੂਚਨਾਵਾਂ ਮਿਲਣ ਮਗਰੋਂ ਮੰਤਰੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਵਿਧਾਨ ਸਭਾ ਦੇ ਕਈ ਵੋਟਿੰਗ ਕੇਂਦਰਾਂ ਦਾ ਦੌਰਾ ਕਰਦਿਆਂ ਚੋਣ ਕਮਿਸ਼ਨ ਦੀ ਨਿੰਦਾ ਕੀਤੀ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਚੋਣਾਂ ਸਬੰਧੀ ਕਈ ਸ਼ਿਕਾਇਤਾਂ ਦਰਜ ਕਰਵਾਏ ਜਾਣ ਦੇ ਬਾਵਜੂਦ ਕਮਿਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਇਸ ਮਾਮਲੇ ‘ਚ ਅਦਾਲਤ ਜਾਣ ਦੀ ਧਮਕੀ ਵੀ ਦਿੱਤੀ। ਇਸੇ ਦੌਰਾਨ ਨੰਦੀਗ੍ਰਾਮ ਤੋਂ ਭਾਜਪਾ ਉਮੀਦਵਾਰ ਸ਼ੁਵੇਂਦੂ ਅਧਿਕਾਰੀ ਦੇ ਕਾਫਲੇ ‘ਤੇ ਦੋ ਥਾਈ ਪਥਰਾਅ ਕੀਤਾ ਗਿਆ। ਹਾਈ ਪ੍ਰੋਫਾਈਲ ਨੰਦੀਗ੍ਰਾਮ ਸੀਟ ‘ਤੇ ਤ੍ਰਿਣਮੂਲ ਕਾਂਗਰਸ ਦਾ ਮੁੱਖ ਮੁਕਾਬਲਾ ਉਨ੍ਹਾਂ ਦੇ ਸਾਬਕਾ ਸਹਿਯੋਗੀ ਤੇ ਹੁਣ ਭਾਜਪਾ ਉਮੀਦਵਾਰ ਸ਼ੁਵੇਂਦੂ ਅਧਿਕਾਰੀ ਨਾਲ ਹੈ। ਇਸ ਵਿਧਾਨ ਸਭਾ ਖੇਤਰ ‘ਚ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਮਮਤਾ ਨੇ ਬਾਅਦ ਦੁਪਹਿਰ ਸੋਨਾਚੂਰਾ, ਰੇਆਪਾੜਾ, ਬਲਰਾਮਪੁਰ, ਬੋਇਆਲ, ਨੰਦੀਗ੍ਰਾਮ ਬਲਾਕ-1 ਤੇ ਦੋ ਦਾ ਦੌਰਾ ਕੀਤਾ। ਸਥਾਨਕ ਟੀਐੱਮਸੀ ਆਗੂਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਚੋਣ ਏਜੰਟਾਂ ਨੂੰ ਵੋਟਿੰਗ ਕੇਂਦਰਾਂ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਨੰਦੀਗ੍ਰਾਮ ਦੇ ਬੋਇਆਲ ਇਲਾਕੇ ‘ਚ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਭਾਜਪਾ ਹਮਾਇਤੀਆਂ ਨੇ ਉਨ੍ਹਾਂ ਨੂੰ ਵੋਟਿੰਗ ਕੇਂਦਰ ‘ਚ ਜਾਣ ਤੋਂ ਰੋਕ ਦਿੱਤਾ। ਮਮਤਾ ਦੇ ਬੋਇਆਲ ਪਹੁੰਚਦੇ ਹੀ ਭਾਜਪਾ ਹਮਾਇਤੀਆਂ ਨੇ ‘ਜੈ ਸ੍ਰੀਰਾਮ’ ਦੇ ਨਾਅਰੇ ਲਾਏ। ਪੁਲੀਸ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਹਮਾਇਤੀਆਂ ਨੇ ਹਿੰਸਾ ਕੀਤੀ ਕਿਉਂਕਿ ਟੀਐੱਮਸੀ ਆਗੂ ਬੂਥ ਨੰਬਰ 7 ‘ਤੇ ਮੁੜ ਵੋਟਿੰਗ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਲਾਤ ਕਾਬੂ ਹੇਠ ਕਰਨ ਲਈ ਵੱਡੀ ਗਿਣਤੀ ‘ਚ ਪੁਲੀਸ ਫੋਰਸ ਮੌਕੇ ‘ਤੇ ਪਹੁੰਚੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ‘ਚ ਹੋਈਆਂ ਹਿੰਸਕ ਘਟਨਾਵਾਂ ਲਈ ਚੋਣ ਕਮਿਸ਼ਨ ਦੀ ਨਿੰਦਾ ਕੀਤੀ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਕਈ ਸ਼ਿਕਾਇਤਾਂ ਦਰਜ ਕਰਵਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਦੀ ਸਥਾਨਕ ਇਕਾਈ ਕੋਈ ਕਾਰਵਾਈ ਨਹੀਂ ਕਰ ਰਹੀ। ਨੰਦੀਗ੍ਰਾਮ ਦੇ ਬੋਇਆਲ ‘ਚ ਬੂਥ ਨੰਬਰ 7 ਦੇ ਬਾਹਰ ਵ੍ਹੀਲਚੇਅਰ ‘ਤੇ ਬੈਠੀ ਮਮਤਾ ਬੈਨਰਜੀ ਨੇ ਕਿਹਾ, ‘ਅਸੀਂ ਸਵੇਰ ਤੋਂ 63 ਸ਼ਿਕਾਇਤਾਂ ਦਰਜ ਕਰਵਾਈਆਂ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਅਸੀਂ ਇਸ ਮਾਮਲੇ ‘ਚ ਅਦਾਲਤ ਜਾਵਾਂਗੇ।’
ਉੱਧਰ ਸ਼ੁਵੇਂਦੂ ਅਧਿਕਾਰੀ ਦੇ ਕਾਫਲੇ ‘ਤੇ ਦੋ ਥਾਈ ਕਥਿਤ ਤੌਰ ‘ਤੇ ਪਥਰਾਅ ਕੀਤਾ ਗਿਆ ਜਦੋਂ ਉਹ ਵਿਧਾਨ ਸਭਾ ਹਲਕੇ ‘ਚ ਵੋਟਿੰਗ ਕੇਂਦਰਾਂ ਦਾ ਦੌਰਾ ਕਰ ਰਹੇ ਸੀ। ਉਨ੍ਹਾਂ ਦੇ ਕਾਫਲੇ ਦਾ ਟੀਐੱਮਸੀ ਦੇ ਹਮਾਇਤੀਆਂ ਨੇ ਘਿਰਾਓ ਵੀ ਕੀਤਾ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾ ਕੇ ਉਨ੍ਹਾਂ ਦੇ ਕਾਫਲੇ ਨੂੰ ਅੱਗੇ ਵਧਾਇਆ। ਸ਼ੁਵੇਂਦੂ ਨੇ ਕਿਹਾ, ‘ਮੈਂ ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਦੇ ਅਜਿਹੇ ਪ੍ਰਦਰਸ਼ਨਾਂ ਦਾ ਆਦੀ ਹੋ ਗਿਆ ਹਾਂ। ਉਹ ਮਮਤਾ ਬੇਗਮ (ਬੈਨਰਜੀ) ਦੇ ਹਮਾਇਤੀ ਹਨ। ਉਹ ਜੋ ਚਾਹੁੰਦੇ ਹਨ ਉਨ੍ਹਾਂ ਨੂੰ ਕਰ ਲੈਣ ਦਿਓ। ਚੋਣ ਨਤੀਜੇ ਦੋ ਮਈ ਨੂੰ ਆਉਣ ਵਾਲੇ ਹਨ।’ ਉੱਧਰ ਚੋਣ ਕਮਿਸ਼ਨ ਨੇ ਨੰਦੀਗ੍ਰਾਮ ਨੇ ਬੋਇਆਲ ਇਲਾਕੇ ‘ਚ ਹਿੰਸਾ ਦੀ ਇੱਕ ਘਟਨਾ ਦੇ ਸਿਲਸਿਲੇ ‘ਚ ਪ੍ਰਸ਼ਾਸਨ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਇਸੇ ਦੌਰਾਨ ਚੋਣ ਕਮਿਸ਼ਨ ਨੇ ਦੱਸਿਆ ਕਿ ਸੂਬੇ ‘ਚ ਦੂਜੇ ਗੇੜ ਦੀਆਂ ਚੋਣਾਂ ਦੌਰਾਨ 80.43 ਫੀਸਦ ਵੋਟਾਂ ਪਈਆਂ ਹਨ। ਸਭ ਤੋਂ ਵੱਧ 82.92 ਫੀਸਦ ਵੋਟਾਂ ਬਾਂਕੁਰਾ ‘ਚ ਜਦਕਿ ਇਸ ਤੋਂ ਬਾਅਦ ਪੂਰਬੀ ਮੇਦਨੀਪੁਰ (81.23 ਫੀਸਦ), ਦੱਖਣੀ 24 ਪਰਗਨਾ (79.65 ਫੀਸਦ) ਅਤੇ ਪੱਛਮੀ ਮੇਦਨੀਪੁਰ (78 ਫੀਸਦ) ‘ਚ ਵੋਟਾਂ ਪਈਆਂ ਹਨ। -ਪੀਟੀਆਈ
ਬੂਥ ਨੰਬਰ 7 ‘ਤੇ ਵੋਟਿੰਗ ਪ੍ਰਭਾਵਿਤ ਨਹੀਂ ਹੋਈ: ਚੋਣ ਕਮਿਸ਼ਨ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਨੰਦੀਗ੍ਰਾਮ ਦੇ ਪੋਲਿੰਗ ਸਟੇਸ਼ਨ ਨੰਬਰ 7 ‘ਤੇ ਵੋਟਾਂ ਦੀ ਪ੍ਰਕਿਰਿਆ ਪ੍ਰਭਾਵਿਤ ਨਹੀਂ ਹੋਈ ਹੈ। ਇਸ ਸੀਟ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਲੜ ਰਹੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਮੀਡੀਆ ਵੱਲੋਂ ਮਮਤਾ ਬੈਨਰਜੀ ਦੇ ਕਥਿਤ ਘਿਰਾਓ ਦੀਆਂ ਰਿਪੋਰਟਾਂ ਨਸ਼ਰ ਕੀਤੀਆਂ ਗਈਆਂ ਸਨ ਅਤੇ ਪੋਲਿੰਗ ਬੂਥ ਨੰਬਰ 7 ‘ਤੇ ਵੋਟਿੰਗ ਪ੍ਰਭਾਵਿਤ ਹੋਣ ਦੀ ਗੱਲ ਕਹੀ ਜਾ ਰਹੀ ਸੀ। ਉਨ੍ਹਾਂ ਮੌਕੇ ‘ਤੇ ਅਧਿਕਾਰੀਆਂ ਨੂੰ ਭੇਜਿਆ, ਜਿਨ੍ਹਾਂ ਵੱਲੋਂ ਭੇਜੀ ਗਈ ਰਿਪੋਰਟ ਅਨੁਸਾਰ ਇਸ ਬੂਥ ‘ਤੇ ਵੋਟ ਪ੍ਰਕਿਰਿਆ ਪ੍ਰਭਾਵਿਤ ਨਹੀਂ ਹੋਈ ਹੈ। -ਪੀਟੀਆਈ
ਮਮਤਾ ਵੱਲੋਂ ਰਾਜਪਾਲ ਨੂੰ ਸ਼ਿਕਾਇਤ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਅੱਜ ਦੱਸਿਆ ਕਿ ਉਨ੍ਹਾਂ ਰਾਜਪਾਲ ਜਗਦੀਪ ਧਨਖੜ ਅਤੇ ਚੋਣ ਕਮਿਸ਼ਨ ਨੇ ਸੀਨੀਅਰ ਅਧਿਕਾਰੀ ਨੂੰ ਫੋਨ ਕਰਕੇ ਚੋਣਾਂ ਸਬੰਧੀ ਕੁਝ ਮੁੱਦਿਆਂ ਬਾਰੇ ਸੂਚਨਾ ਦਿੱਤੀ। ਹਾਲਾਂਕਿ ਬੈਨਰਜੀ ਨੇ ਇਸ ਬਾਰੇ ਹੋਰ ਵੇਰਵੇ ਦੇਣ ਦੋਂ ਇਨਕਾਰ ਕਰ ਦਿੱਤਾ। ਮਮਤਾ ਨੇ ਬੋਇਆਲ ਦੇ ਵੋਟਿੰਗ ਕੇਂਦਰ ਤੋਂ ਰਾਜਪਾਲ ਨੂੰ ਫੋਨ ਕਰਕੇ ਦੋਸ਼ ਲਾਇਆ ਕਿ ਭਾਜਪਾ ਵਰਕਰ ਉਨ੍ਹਾਂ ਦੀ ਪਾਰਟੀ ਦੇ ਹਮਾਇਤੀਆਂ ਨੂੰ ਵੋਟ ਨਹੀਂ ਪਾਉਣ ਦੇ ਰਹੇ। ਉੱਧਰ ਧਨਖੜ ਨੇ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਲਈ ਕਦਮ ਚੁੱਕੇ ਜਾ ਰਹੇ ਹਨ।
ਅਸਾਮ ਵਿੱਚ 73 ਫੀਸਦ ਪੋਲਿੰਗ
ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੌਰਾਨ ਅਸਾਮ ‘ਚ ਅੱਜ 73.03 ਫੀਸਦ ਵੋਟਾਂ ਪਈਆਂ। ਚੋਣ ਕਮਿਸ਼ਨ ਨੇ ਦੱਸਿਆ ਕਿ ਅਸਾਮ ‘ਚ ਦੂਜੇ ਗੇੜ ਤਹਿਤ ਅੱਜ 39 ਵਿਧਾਨ ਸਭਾ ਸੀਟਾਂ ਲਈ 73.03 ਫੀਸਦ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਪਿਛਲੀਆਂ ਕੁਝ ਚੋਣਾਂ ਮੁਕਾਬਲੇ ਇਸ ਵਾਰ ਈਵੀਐੱਮ ‘ਚ ਗੜਬੜੀ ਦੀ ਦਰ ਘੱਟ ਰਹੀ ਹੈ। ਅਸਾਮ ‘ਚ ਸੀ-ਵਿਜਿਲ ਐਪ ਰਾਹੀਂ ਚੋਣ ਜ਼ਾਬਤੇ ਦੀ ਉਲੰਘਣਾ ਦੇ 1306 ਮਾਮਲੇ ਸਾਹਮਣੇ ਆਏ ਜਿਨ੍ਹਾਂ ‘ਚੋਂ 927 ਸ਼ਾਮ ਸਾਢੇ ਚਾਰ ਵਜੇ ਤੱਕ ਨਿਬੇੜ ਦਿੱਤੇ ਗਏ। -ਪੀਟੀਆਈ