ਨਵੀਂ ਦਿੱਲੀ, 3 ਅਪਰੈਲ
ਸੀਐੱਸਆਈਆਰ-ਸੀਸੀਐੱਮਬੀ ਦੇ ਡਾਇਰੈਕਟਰ ਰਾਕੇਸ਼ ਮਿਸ਼ਰਾ ਨੇ ਕਿਹਾ ਹੈ ਕਿ ਪੰਜਾਬ ‘ਚ ਯੂਕੇ ਦਾ ਕਰੋਨਾ ਰੂਪ ਆਉਂਦੇ ਦਿਨਾਂ ‘ਚ ਵੱਡਾ ਖ਼ਤਰਾ ਬਣ ਸਕਦਾ ਹੈ ਪਰ ਅਜੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਸ੍ਰੀ ਮਿਸ਼ਰਾ ਨੇ ਕਿਹਾ,”ਪੰਜਾਬ ‘ਚ ਕੁਝ ਲੋਕ ਇੰਗਲੈਂਡ ਤੋਂ ਆਏ ਹੋਣਗੇ ਅਤੇ ਫਿਰ ਉਨ੍ਹਾਂ ਦੇ ਸੂਬੇ ‘ਚ ਕਈ ਥਾਵਾਂ ‘ਤੇ ਜਾਣ ਕਰਕੇ ਕਰੋਨਾ ਦਾ ਨਵਾਂ ਰੂਪ ਉਥੇ ਫੈਲ ਗਿਆ।” ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ‘ਚ ਯੂਕੇ ਦਾ ਕਰੋਨਾ ਰੂਪ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ‘ਚ ਪੀੜਤ ਵਿਅਕਤੀਆਂ ਦੇ ਸੂਬੇ ਤੋਂ ਬਾਹਰ ਨਾ ਜਾਣ ਕਰਕੇ ਹੋ ਸਕਦਾ ਹੈ ਕਿ ਇਹ ਅਜੇ ਬੁਰੀ ਤਰ੍ਹਾਂ ਨਾ ਫੈਲਿਆ ਹੋਵੇ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਆਉਂਦੇ ਦਿਨਾਂ ‘ਚ ਉਥੇ ਵੀ ਕੇਸਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਐਸਟਰਾਜ਼ੈਨੇਕਾ ਅਤੇ ਕੋਵੈਕਸੀਨ ਦੇ ਟੀਕੇ ਪੰਜਾਬ ਅਤੇ ਮਹਾਰਾਸ਼ਟਰ ‘ਚ ਨਵੇਂ ਰੂਪ ਖ਼ਿਲਾਫ਼ ਕਾਰਗਰ ਹਨ।