ਖੱਟਰ ਦਾ ਘਿਰਾਓ ਕਰਨ ਗਏ ਕਿਸਾਨਾਂ ’ਤੇ ਲਾਠੀਚਾਰਜ

ਖੱਟਰ ਦਾ ਘਿਰਾਓ ਕਰਨ ਗਏ ਕਿਸਾਨਾਂ ’ਤੇ ਲਾਠੀਚਾਰਜ


ਆਤਿਸ਼ ਗੁਪਤਾ

ਚੰਡੀਗੜ੍ਹ, 3 ਅਪਰੈਲ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਰੋਹਤਕ ਵਿੱਚ ਘਿਰਾਓ ਕਰਨ ਦਾ ਯਤਨ ਕੀਤਾ। ਇਸੇ ਦੌਰਾਨ ਕਿਸਾਨਾਂ ਤੇ ਪੁਲੀਸ ਦੀ ਝੜਪ ਹੋ ਗਈ। ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਵਿਚ ਤਿੰਨ ਕਿਸਾਨ ਫੱਟੜ ਹੋ ਗਏ। ਵੇਰਵਿਆਂ ਮੁਤਾਬਕ ਖੱਟਰ ਨੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਪਿਤਾ ਦੀ ਬਰਸੀ ਮੌਕੇ ਰੱਖੇ ਗਏ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣਾ ਸੀ। ਉਨ੍ਹਾਂ ਦਾ ਹੈਲੀਕੌਪਟਰ ਬਾਬਾ ਮਸਤਨਾਥ ਮੱਠ ਵਿੱਚ ਉਤਰਨਾ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਹਰਿਆਣਾ ਦੇ ਵੱਡੀ ਗਿਣਤੀ ਕਿਸਾਨ ਮੁੱਖ ਮੰਤਰੀ ਦਾ ਘਿਰਾਓ ਕਰਨ ਲਈ ਪਹੁੰਚ ਗਏ। ਜ਼ਖ਼ਮੀ ਕਿਸਾਨਾਂ ਵਿੱਚ 80 ਸਾਲਾਂ ਦਾ ਬਜ਼ੁਰਗ ਵੀ ਸ਼ਾਮਲ ਹੈ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਪੁਲੀਸ ਨੇ ਮੁੱਖ ਮੰਤਰੀ ਦਾ ਹੈਲੀਕੌਪਟਰ ਰੋਹਤਕ ਪੁਲੀਸ ਲਾਈਨ ਏਰੀਆ ਵਿੱਚ ਉਤਾਰਿਆ। ਦੱਸਣਯੋਗ ਹੈ ਕਿ ਮੁੱਖ ਮੰਤਰੀ ਦੀ ਰੋਹਤਕ ਵਿੱਚ ਆਮਦ ਦੀ ਜਾਣਕਾਰੀ ਮਿਲਦੇ ਹੀ ਕਿਸਾਨ ਹੈਲੀਪੈਡ ਵਾਲੀ ਥਾਂ ਦਾ ਘਿਰਾਓ ਕਰਨ ਪਹੁੰਚ ਗਏ। ਉਨ੍ਹਾਂ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਆਏ ਸਨ ਪਰ ਪੁਲੀਸ ਵੱਲੋਂ ਲਾਠੀਚਾਰਜ ਕਰਨ ‘ਤੇ ਕਿਸਾਨਾਂ ਨੇ ਵੀ ਵਿਰੋਧ ਵਿੱਚ ਪਥਰਾਅ ਕੀਤਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਸੰਘਰਸ਼ ਕੀਤਾ ਜਾ ਰਿਹਾ ਸੀ। ਪਰ ਪੁਲੀਸ ਨੇ ਧੱਕੇਸ਼ਾਹੀ ਕੀਤੀ ਅਤੇ ਬਾਅਦ ਵਿੱਚ ਲਾਠੀਚਾਰਜ ਕੀਤਾ। ਇਲਾਕੇ ਵਿਚ ਵੱਡੀ ਗਿਣਤੀ ਪੁਲੀਸ ਬਲ ਨੂੰ ਤਾਇਨਾਤ ਕੀਤਾ ਗਿਆ ਸੀ। ਪੁਲੀਸ ਨੇ ਸਮਾਗਮ ਤੋਂ ਪਹਿਲਾਂ ਕੁਝ ਕਿਸਾਨ ਸਮਰਥਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਉਚਾਣਾ ਅਤੇ ਹਿਸਾਰ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਵੀ ਭਾਜਪਾ ਦੇ ਹੋਰਨਾਂ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

ਬਿਰਧ ਔਰਤ ਪੁਲੀਸ ਬੱਸ ‘ਤੇ ਚੜ੍ਹੀ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰਦਿਆਂ ਇਕ ਬਜ਼ੁਰਗ ਔਰਤ ਰੋਸ ਦਰਜ ਕਰਾਉਂਦਿਆਂ ਪੁਲੀਸ ਦੀ ਬੱਸ ‘ਤੇ ਚੜ੍ਹ ਗਈ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੀ। ਪੁਲੀਸ ਨੇ ਕਾਫ਼ੀ ਜੱਦੋਜਹਿਦ ਤੋਂ ਬਾਅਦ ਔਰਤ ਨੂੰ ਬੱਸ ਤੋਂ ਹੇਠਾਂ ਉਤਾਰਿਆਂ। ਇਸ ਤੋਂ ਪਹਿਲਾਂ ਕਿਸਾਨਾਂ ਦੇ ਵਿਰੋਧ ਕਾਰਨ ਡੇਢ ਘੰਟੇ ਵਿੱਚ ਦੋ ਵਾਰ ਹੈਲੀਕੌਪਟਰ ਦੀ ਲੈਂਡਿੰਗ ਦਾ ਫ਼ੈਸਲਾ ਬਦਲਣਾ ਪਿਆ। ਅਖ਼ੀਰ ਪੁਲੀਸ ਲਾਈਨ ਵਿੱਚ ਲੈਂਡਿੰਗ ਕੀਤੀ ਗਈ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਓ.ਪੀ. ਧਨਖੜ ਅਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਪੁਲੀਸ ਦੀ ਨਿੰਦਾ

ਝੜਪ ‘ਚ ਜ਼ਖ਼ਮੀ ਹੋਇਆ ਕਿਸਾਨ।

ਨਵੀਂ ਦਿੱਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਨੇ ਰੋਹਤਕ ਵਿੱਚ ਸ਼ਾਂਤਮਈ ਮੁਜ਼ਾਹਰਾਕਾਰੀਆਂ ‘ਤੇ ਕੀਤੇ ਗਏ ਲਾਠੀਚਾਰਜ ਲਈ ਹਰਿਆਣਾ ਪੁਲੀਸ ਦੀ ਸਖ਼ਤ ਨਿੰਦਾ ਕੀਤੀ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਹਰਿਆਣਾ ਭਾਜਪਾ ਦੇ ਆਗੂਆਂ ਤੇ ਸਰਕਾਰ ਵੱਲੋਂ ਲਗਾਤਾਰ ਕਿਸਾਨ ਵਿਰੋਧੀ ਭਾਸ਼ਣਾਂ ਅਤੇ ਬਿਆਨਾਂ ਕਾਰਨ ਕਿਸਾਨ ਨਾਰਾਜ਼ ਹਨ। ਉਹ ਮੁੱਖ ਮੰਤਰੀ ਨੂੰ ਸ਼ਾਂਤਮਈ ਢੰਗ ਨਾਲ ਕਾਲੇ ਝੰਡੇ ਦਿਖਾਉਣ ਲਈ ਜੁੜੇ ਸਨ। ਪਰ ਪੁਲੀਸ ਨੇ ਬਲ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਫਤਿਹਾਬਾਦ ਵਿਚ ਵੀ ਭਾਜਪਾ ਸੰਸਦ ਮੈਂਬਰ ਦੁੱਗਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਬੀਕੇਯੂ ਹਰਿਆਣਾ ਦੇ ਨੌਜਵਾਨ ਆਗੂ ਰਵੀ ਆਜ਼ਾਦ ਨੂੰ ਹਰਿਆਣਾ ਪੁਲੀਸ ਨੇ ਕਈ ਮਾਮਲਿਆਂ ਵਿੱਚ ਝੂਠੇ ਤੇ ਮਨਘੜਤ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਮੋਰਚੇ ਵੱਲੋਂ ਆਜ਼ਾਦ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ ਹੈ। ਮੋਰਚੇ ਨੇ ਰਾਕੇਸ਼ ਟਿਕੈਤ ਉਪਰ ਹੋਏ ਹਮਲੇ ਦੀ ਵੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਅੰਦੋਲਨ ਜਾਰੀ ਰਹੇਗਾ।



Source link