ਹਰਜੀਤ ਲਸਾੜਾ
ਬ੍ਰਿਸਬਨ, 4 ਅਪਰੈਲ
ਇੱਥੇ ਈਗਲ ਸਪੋਰਟਸ ਕੰਪਲੈਕਸ ਮੈਨਸਫੀਲਡ ਵਿੱਚ 33ਵੀਆਂ ਆਸਟਰੇਲਿਆਈ ਸਾਲਾਨਾ ਸਿੱਖ ਖੇਡਾਂ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ।
ਕੌਮੀ ਖੇਡ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ, ਕੌਮੀ ਸੱਭਿਆਚਾਰਕ ਕਮੇਟੀ ਦੇ ਨੁਮਾਇੰਦੇ ਮਨਜੀਤ ਬੋਪਾਰਾਏ ਅਤੇ ਕੁਈਨਜ਼ਲੈਂਡ ਸੂਬਾਈ ਕਮੇਟੀ ਦੇ ਪ੍ਰਬੰਧਕ ਹੈਪੀ ਧਾਮੀ ਆਦਿ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਫੁੱਟਬਾਲ, ਵਾਲੀਬਾਲ, ਕ੍ਰਿਕਟ, ਰੱਸਾਕਸ਼ੀ, ਭਾਰ-ਤੋਲਣ ਆਦਿ ਖੇਡਾਂ ਕਰਵਾਈਆਂ ਗਈਆਂ। ਵਾਲੀਬਾਲ ਸਮੈਸ਼ਿੰਗ ਦੇ ਫਾਈਨਲ ਵਿੱਚ ਸਿੰਘ ਸਪਾਈਕਰਜ਼ ਦੀ ਟੀਮ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਨੂੰ ਹਰਾ ਕੇ ਅੱਵਲ ਰਹੀ। ਫੁੱਟਬਾਲ (ਲੜਕੇ) ਦੇ ਫਾਈਨਲ ਵਿੱਚ ਬ੍ਰਿਸਬਨ ਪੰਜਾਬੀ ਕਮਿਊਨਿਟੀ ਕਲੱਬ ਨੇ ਪੰਜਾਬੀ ਯੂਨਾਈਟਿਡ ਬ੍ਰਿਸਬਨ ਨੂੰ ਹਰਾਇਆ। ਕੁੜੀਆਂ ਦੇ ਫੁੱਟਬਾਲ ਮੁਕਾਬਲੇ ‘ਚ ਨਿਊ ਫਾਰਮ ਪੰਜਾਬੀ ਸਪੋਰਟਸ ਕਲੱਬ ਜੇਤੂ ਅਤੇ ਬ੍ਰਿਸਬੇਨ ਯੂਥ ਸਪੋਰਟਸ ਕਲੱਬ ਉਪ ਜੇਤੂ ਰਿਹਾ। ਇਸ ਮੌਕੇ ਪ੍ਰਬੰਧਕਾਂ ਵੱਲੋਂ 1992 ਦੀ ਪਹਿਲੀ ਸਿੱਖ ਖੇਡ ਕਮੇਟੀ ਅਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਸਿੱਖ ਫੋਰਮ ਦੌਰਾਨ ਗੁਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਪੰਜਾਬੀ ਹਿਤੈਸ਼ੀਆਂ ਵੱਲੋਂ ਮਾਂ-ਬੋਲੀ ਪੰਜਾਬੀ ਦੇ ਪਸਾਰ, ਭਾਈਚਾਰਕ ਸਾਂਝ ਅਤੇ ਭਵਿੱਖੀ ਸਰਗਰਮੀਆਂ ਦਾ ਚਿੰਤਨ ਕੀਤਾ ਗਿਆ। ਇਸ ਮੌਕੇ ਗੀਤ-ਸੰਗੀਤ, ਗਿੱਧਾ-ਭੰਗੜਾ ਅਤੇ ਸੱਭਿਆਚਾਰਕ ਵੰਨਗੀਆਂ ਦੀਆਂ ਪੇਸ਼ਕਾਰੀ ਤੋਂ ਇਲਾਵਾ ਦਸਤਾਰ ਸਜਾਉਣ, ਔਰਤਾਂ ਦੀ ਸੋਹਣੀ ਪੰਜਾਬੀ ਪੁਸ਼ਾਕ, ਬੱਚਿਆਂ ਦੀਆਂ ਖੇਡਾਂ ਅਤੇ ਬਹੁ-ਸੱਭਿਅਕ ਸੰਗੀਤ ਦੇ ਮੁਕਾਬਲੇ ਤੇ ਵੰਨਗੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸੇ ਦੌਰਾਨ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨੇ ਗਤਕੇ ਦੇ ਜੌਹਰ ਵੀ ਦਿਖਾਏ।