ਕੋਲਕਾਤਾ, 5 ਅਪਰੈਲ
ਭਾਰਤੀ ਜਨਤਾ ਪਾਰਟੀ ‘ਤੇ ਹਮਲਾ ਕਰਦਿਆਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਅੱਜ ਕਿਹਾ ਕਿ ਬੰਗਾਲੀਆਂ ਨੂੰ ‘ਧਮਕਾ ਕੇ’ ਕੋਈ ਵੀ ਕਦੀ ਕਾਮਯਾਬ ਨਹੀਂ ਹੋਇਆ ਹੈ। ਮਸ਼ਹੂਰ ਅਦਾਕਾਰਾ ਤੇ ਸੰਸਦ ਮੈਂਬਰ ਨੇ ਇੱਥੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਮੁੱਖ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਬੰਗਾਲ ‘ਚ ਇਕੱਲੀ ਹੀ ਲੋਕਤੰਤਰ ਲਈ ਲੜਾਈ ਲੜ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀਆਂ ਹਦਾਇਤਾਂ ‘ਤੇ ਪੱਛਮੀ ਬੰਗਾਲ ‘ਚ ਤ੍ਰਿਣਮੂਲ ਲਈ ਪ੍ਰਚਾਰ ਕਰਨ ਆਈ ਹੈ।’ ਉਨ੍ਹਾਂ ਕਿਹਾ, ‘ਮਮਤਾ ਜ਼ੁਲਮਾਂ ਖ਼ਿਲਾਫ਼ ਅਤੇ ਬੰਗਾਲ ਦੇ ਲੋਕਾਂ ਦੇ ਜਮਹੂਰੀ ਹੱਕਾਂ ਲਈ ਇਕੱਲੀ ਲੜ ਰਹੀ ਹੈ। ਉਨ੍ਹਾਂ ਦਾ ਪੈਰ ਟੁੱਟ ਗਿਆ ਹੈ ਪਰ ਉਹ ਫਿਰ ਵੀ ਲੜ ਰਹੀ ਹੈ।’ ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਬੰਗਾਲੀਆਂ ਨੂੰ ਧਮਕੀਆਂ ਦੇ ਕੇ ਕੋਈ ਵੀ ਕਦੀ ਕਾਮਯਾਬ ਨਹੀਂ ਹੋਇਆ ਹੈ। ਬੰਗਾਲੀਆਂ ਨੇ ਕਦੀ ਵੀ ਧਮਕੀਆਂ ਜਾਂ ਡਰ ਅੱਗੇ ਸਿਰ ਨਹੀਂ ਝੁਕਾਇਆ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਦੀ ਆਲੋਚਨਾ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਉਹ ਬੰਗਾਲ ਦੇ ਲੋਕਾਂ ਦੇ ਹੱਕਾਂ ਤੇ ਸਨਮਾਨ ਖਾਤਰ ਲੜਾਈ ਲੜ ਰਹੀ ਹੈ। ਇਹ ਔਰਤਾਂ ਲਈ ਸਭ ਤੋਂ ਸੁਰੱਖਿਅਤ ਸੂਬਾ ਹੈ। ਜੋ ਉਨ੍ਹਾਂ ਦੀ ਆਲੋਚਨਾ ਕਰਦੇ ਹਨ, ਉਨ੍ਹਾਂ ਲਈ ਮੈਂ ਸਿਰਫ਼ ਇਹ ਕਹਿਣਾ ਚਾਹੁੰਦੀ ਹਾਂ ਕਿ ਸ਼ਰਮ ਕਰੋ, ਸ਼ਰਮ ਕਰੋ।’ -ਪੀਟੀਆਈ