ਪ੍ਰਿਸਟੀਨਾ: ਕੋਸੋਵੋ ‘ਚ ਵਜੋਸਾ ਓਸਮਾਨੀ-ਸਾਦਰਿਊ (38) ਨੇ ਮੁਲਕ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਮੁਖੀ ਬਣੀ ਹੈ। ਕੋਸੋਵੋ ਸੰਸਦ ਨੇ ਐਤਵਾਰ ਨੂੰ ਉਸ ਨੂੰ ਪੰਜ ਸਾਲਾਂ ਦੀ ਮਿਆਦ ਲਈ ਚੁਣਿਆ ਹੈ। ਉਹ ਬਾਲਕਾਨ ਮੁਲਕ ਦੀ ਦੂਜੀ ਮਹਿਲਾ ਆਗੂ ਹੈ ਜੋ ਇਸ ਅਹੁਦੇ ਲਈ ਚੁਣੀ ਗਈ ਹੈ। ਕਾਰਜਕਾਰੀ ਰਾਸ਼ਟਰਪਤੀ ਗਲੌਕ ਕੋਨਜੁਫਕਾ ਨੇ ਸਾਦੇ ਸਮਾਗਮ ‘ਚ ਓਸਮਾਨੀ ਨੂੰ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਹਾਸ਼ਿਮ ਥਾਚੀ ਰਾਸ਼ਟਰਪਤੀ ਸਨ ਪਰ ਉਸ ਨੂੰ ਦਿ ਹੇਗ ਦੀ ਵਿਸ਼ੇਸ਼ ਅਦਾਲਤ ‘ਚ ਜੰਗੀ ਅਪਰਾਧ ਅਤੇ ਮਨੁੱਖਤਾ ਖ਼ਿਲਾਫ਼ ਜੁਰਮ ਦਾ ਕੇਸ ਚੱਲਣ ਕਰਕੇ ਅਹੁਦੇ ਤੋਂ ਅਸਤੀਫ਼ਾ ਦੇਣਾ ਪੈ ਗਿਆ ਸੀ। ਕੋਸੋਵੋ ‘ਚ ਰਾਸ਼ਟਰਪਤੀ ਦਾ ਅਹੁਦਾ ਰਸਮੀ ਹੈ ਪਰ ਵਿਦੇਸ਼ ਨੀਤੀ ਅਤੇ ਫ਼ੌਜ ਦਾ ਕਮਾਂਡਰ ਹੋਣ ਕਰਕੇ ਉਹ ਮੋਹਰੀ ਭੂਮਿਕਾ ਅਦਾ ਕਰਦਾ ਹੈ। -ਏਪੀ