ਭਾਜਪਾ ਵੱਲੋਂ ਸੁਜਾਤਾ ਮੰਡਲ ਖ਼ਿਲਾਫ਼ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ


ਨਵੀਂ ਦਿੱਲੀ, 12 ਅਪਰੈਲ

ਭਾਜਪਾ ਵੱਲੋਂ ਤ੍ਰਿਣਮੂਲ ਕਾਂਗਰਸ ਆਗੂ ਸੁਜਾਤਾ ਮੰਡਲ ਖ਼ਾਨ ਖ਼ਿਲਾਫ਼ ਪੱਛਮੀ ਬੰਗਾਲ ‘ਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਅਨੁਸੂਚਿਤ ਜਾਤਾਂ ਬਾਰੇ ਵਿਵਾਦਤ ਟਿੱਪਣੀ ਕੀਤੇ ਜਾਣ ਨੂੰ ਭਾਜਪਾ ਨੇ ਮੁੱਦਾ ਬਣਾ ਲਿਆ ਹੈ। ਭਾਜਪਾ ਦੇ ਦਲਿਤ ਸੰਸਦ ਮੈਂਬਰਾਂ ਦੁਸ਼ਯੰਤ ਕੁਮਾਰ ਗੌਤਮ, ਸੁਨੀਤਾ ਦੁੱਗਲ, ਹੰਸਰਾਜ ਹੰਸ ਅਤੇ ਲਾਲ ਸਿੰਘ ਆਰਿਆ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪੱਤਰ ਸੌਂਪ ਕੇ ਸੁਜਾਤਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਸੁਜਾਤਾ ਨੇ ਭਾਜਪਾ ਨੂੰ ਹਮਾਇਤ ਦੇਣ ‘ਤੇ ਅਨੁਸੂਚਿਤ ਜਾਤਾਂ ਦੀ ਤੁਲਨਾ ਭਿਖਾਰੀਆਂ ਨਾਲ ਕੀਤੀ ਸੀ। ਤ੍ਰਿਣਮੂਲ ਕਾਂਗਰਸ ਨੂੰ ਦਲਿਤ ਵਿਰੋਧੀ ਗਰਦਾਨਦਿਆਂ ਗੌਤਮ ਨੇ ਕਿਹਾ ਕਿ ਭਾਜਪਾ ਹਾਕਮ ਪਾਰਟੀ ਖਿਲਾਫ਼ ਬੰਗਾਲ ‘ਚ ਵੱਡੇ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰਾ ਭਾਜਪਾ ਦੀਆਂ ਭਲਾਈ ਯੋਜਨਾਵਾਂ ਨੂੰ ਦੇਖਦਿਆਂ ਹਮਾਇਤ ਦੇ ਰਿਹਾ ਹੈ ਅਤੇ ਸੁਜਾਤਾ ਦੇ ਕੁਬੋਲ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮਾਨਸਕਿਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ‘ਚ ਐੱਸਸੀ ਕਮਿਸ਼ਨ ਤੱਕ ਨਹੀਂ ਹੈ ਜਿਥੇ ਦਲਿਤ ਜਾ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣ। ਪਾਰਟੀ ਨੇ ਸੁਜਾਤਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪਾਰਟੀ ਦੇ ਵਫ਼ਦ ਨੇ ਐਤਵਾਰ ਨੂੰ ਚੋਣ ਕਮਿਸ਼ਨ ਕੋਲ ਅਜਿਹੀ ਸ਼ਿਕਾਇਤ ਕਰਕੇ ਸੁਜਾਤਾ ਖ਼ਿਲਾਫ਼ ਕਾਰਵਾਈ ਮੰਗੀ ਸੀ। -ਪੀਟੀਆਈSource link