ਵਾਸ਼ਿੰਗਟਨ: ਅਮਰੀਕੀ ਡਰੱਗ ਕੰਟਰੋਲਰ ਨੇ ਜੌਹਨਸਨ ਐਂਡ ਜੌਹਨਸਨ ਵੱਲੋਂ ਤਿਆਰ ਕਰੋਨਾ ਵੈਕਸੀਨ ਦੀ ਮੁਲਕ ਵਿੱਚ ਵਰਤੋਂ ‘ਤੇ ਅਗਲੇ ਹੁਕਮਾਂ ਤੱਕ ਰੋਕ ਲਾਉਣ ਦੀ ਸਿਫਾਰਸ਼ ਕੀਤੀ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਤੇ ਫੂਡ ਤੇ ਡਰੱਗ ਪ੍ਰਸ਼ਾਸਨ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਲੱਗਣ ਮਗਰੋਂ ਛੇ ਔਰਤਾਂ ਵਿੱਚ ਖੂਨ ਦੇ ਥੱਕੇ ਬਣਨ ਤੇ ਪਲੇਟਲੈੱਟਸ ਘਟਣ ਦੀਆਂ ਰਿਪੋਰਟਾਂ ਮਗਰੋਂ ਮਾਮਲੇ ਦੀ ਜਾਂਚ ਤੱਕ ਵੈਕਸੀਨ ‘ਤੇ ਆਰਜ਼ੀ ਰੋਕ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ।
ਅਮਰੀਕਾ ਵਿੱਚ ਹੁਣ ਤੱਕ ਜੇਐਂਡਜੇ ਦੀਆਂ 68 ਲੱਖ ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ। ਦੱਸਣਾ ਬਣਦਾ ਹੈ ਕਿ ਕੋਵਿਡ-19 ਦੇ ਹੋਰਨਾਂ ਰਵਾਇਤੀ ਟੀਕਿਆਂ ਦੇ ਉਲਟ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੀ ਵਿਅਕਤੀ ਨੂੰ ਇਕੋ ਖੁਰਾਕ ਲਗਦੀ ਹੈ। -ਏਪੀ