ਰਾਜਿੰਦਰ ਵਰਮਾ
ਭਦੌੜ, 15 ਅਪਰੈਲ
ਇੱਥੋਂ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਟਕਸਾਲੀ ਕਾਂਗਰਸੀਆਂ ਅਤੇ ਹਲਕਾ ਭਦੌੜ ਦੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ ਵਿਚਾਲੇ ਚੱਲ ਰਹੇ ਵਿਵਾਦ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਹਲਕੇ ਦੇ ਟਕਸਾਲੀ ਕਾਂਗਰਸੀਆਂ ਨੇ ਬੀਬੀ ਸੁਰਿੰਦਰ ਕੌਰ ਬਾਲੀਆਂ ਖਿਲਾਫ਼ ਮੀਟਿੰਗ ਕਰ ਕੇ ਉਨ੍ਹਾਂ ਉੱਪਰ ਅਕਾਲੀਆਂ ਨਾਲ ਰਲੇ ਹੋਣ ਦੇ ਦੋਸ਼ ਲਗਾਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਕੌਂਸਲਰ ਜਗਦੀਪ ਸਿੰਘ ਜੱਗੀ, ਅਮਰਜੀਤ ਸਿੰਘ ਜੀਤਾ, ਸਾਬਕਾ ਬਲਾਕ ਪ੍ਰਧਾਨ ਰਾਜਵੀਰ ਸਿੰਗਲਾ, ਮੱਖਣ ਸਿੰਘ ਨੈਣੇਵਾਲੀਆ ਤੇ ਕੌਂਸਲਰ ਸੁਖਚਰਨ ਸਿੰਘ ਪੰਮਾ ਨੇ ਕਿਹਾ, ”ਆਪੇ ਬਣੀ ਹਲਕਾ ਇੰਚਾਰਜ ਬੀਬੀ ਸੁਰਿੰਦਰ ਕੌਰ ਬਾਲੀਆਂ ਪੈਸਿਆਂ ਖਾਤਰ ਪਾਰਟੀ ਨੂੰ ਦੋਫਾੜ ਕਰਨ ‘ਤੇ ਤੁਲੀ ਹੋਈ ਹੈ। ਪਹਿਲਾਂ ਮਾਰਕੀਟ ਕਮੇਟੀ ਭਦੌੜ ਦੀ ਚੇਅਰਮੈਨੀ ਵੇਚੀ ਤੇ ਹੁਣ ਕੌਂਸਲ ਦੀ ਪ੍ਰਧਾਨਗੀ ਅਕਾਲੀ ਪਿਛੋਕੜ ਵਾਲੇ ਆਜ਼ਾਦ ਕੌਂਸਲਰ ਨੂੰ ਵੇਚ ਰਹੀ ਹੈ। ਜੇਕਰ ਅਜਿਹਾ ਹੋਇਆ ਤਾਂ ਪਾਰਟੀ ਦਾ ਵੱਡਾ ਨੁਕਸਾਨ ਹੋਵੇਗਾ।” ਉਨ੍ਹਾਂ ਕਿਹਾ ਕਿ ਕੌਂਸਲ ਚੋਣਾਂ ਵਿੱਚ ਪੰਜੇ ਦੇ ਨਿਸ਼ਾਨ ‘ਤੇ ਛੇ ਕੌਂਸਲਰ ਜਿੱਤੇ ਹਨ। ਪਾਰਟੀ ਕਿਸੇ ਨੂੰ ਵੀ ਪ੍ਰਧਾਨ ਬਣਾਏ, ਸਭ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਮੰਗ ਕੀਤੀ ਕਿ ਪਾਰਟੀ ਦੀ ਮਜ਼ਬੂਤੀ ਲਈ ਚੁਣੇ ਹੋਏ ਕੌਂਸਲਰਾਂ ਵਿੱਚੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਜਾਵੇ। ਕੌਂਸਲਰ ਜਗਦੀਪ ਸਿੰਘ ਜੱਗੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਬੀਬੀ ਸੁਰਿੰਦਰ ਕੌਰ ਬਾਲੀਆਂ ‘ਤੇ ਦੋਸ਼ ਲਾਉਂਦਿਆਂ ਕਿਹਾ, ”ਚੋਣਾਂ ਤੋਂ ਬਾਅਦ ਮੇਰੇ ਘਰ ਆ ਕੇ ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਕਿਹਾ ਕਿ ਜੇ ਪ੍ਰਧਾਨ ਬਣਨਾ ਹੈ ਤਾਂ 20 ਲੱਖ ਰੁਪਏ ਦਿਓ, ਪਾਰਟੀ ਹਾਈ ਕਮਾਂਡ ਨੂੰ ਦੇਣੇ ਹਨ ਜਦਕਿ ਪਾਰਟੀ ਹਾਈ ਕਮਾਂਡ ਅੰਦਰ ਪੈਸੇ ਦੇ ਲੈਣ-ਦੇਣ ਦੀ ਕੋਈ ਗੱਲਬਾਤ ਨਹੀਂ ਹੈ। ਉਹ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਲ ਰਲ ਕੇ ਅਕਾਲੀਆਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ।” ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਾਰਟੀ ਨੇ ਕਿਸੇ ਆਜ਼ਾਦ ਉਮੀਦਵਾਰ ਨੂੰ ਪ੍ਰਧਾਨ ਥਾਪਿਆ ਤਾਂ ਉਹ ਅਸਤੀਫੇ ਦੇ ਦੇਣਗੇ। ਇਸ ਮੌਕੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਦੀਪਕ ਬਜਾਜ, ਬਲਾਕ ਸਮਿਤੀ ਚੇਅਰਮੈਨ ਪਰਮਜੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
ਉੱਧਰ, ਇਸ ਸਬੰਧੀ ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਕਿਹਾ, ”ਮੇਰੇ ਉੱਪਰ ਪੈਸਿਆਂ ਦੇ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ ਤੇ ਮੈਨੂੰ ਸਾਜ਼ਿਸ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ।”