ਨਵੀਂ ਦਿੱਲੀ, 15 ਅਪਰੈਲ
ਦਿੱਲੀ ਹਾਈ ਕੋਰਟ ਨੇ ਅੱਜ ਨਿਜ਼ਾਮੂਦੀਨ ਮਰਕਜ਼ ਮਸਜਿਦ ਵਿਚ ਰਮਜਾਨ ਦੌਰਾਨ 50 ਲੋਕਾਂ ਨੂੰ ਦਿਨ ਵਿਚ ਪੰਜ ਵਕਤ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਮੁਕਤਾ ਗੁਪਤਾ ਨੇ ਨਿਜ਼ਾਮੂਦੀਨ ਪੁਲੀਸ ਥਾਣੇ ਦੇ ਮੁਖੀ ਨੂੰ ਨਿਰਦੇਸ਼ ਦਿੱਤਾ ਕਿ ਉਹ ਦਿਨ ਵਿਚ ਪੰਜ ਵਾਰ 50 ਲੋਕਾਂ ਨੂੰ ਮਸਜਿਦ ਬੰਗਲੇ ਵਾਲੀ ਪਹਿਲੀ ਮੰਜ਼ਿਲ ‘ਤੇ ਨਮਾਜ਼ ਅਦਾ ਕਰਨ ਲਈ ਦਾਖ਼ਲ ਹੋਣ ਦੀ ਇਜਾਜ਼ਤ ਦੇਣ। ਦਿੱਲੀ ਵਕਫ਼ ਬੋਰਡ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਮੇਸ਼ ਗੁਪਤਾ ਨੇ ਮੰਗ ਕੀਤੀ ਸੀ ਕਿ ਇਹ ਗਿਣਤੀ ਵਧਾਈ ਜਾਵੇ ਅਤੇ ਮਸਜਿਦ ਦੀਆਂ ਹੋਰ ਮੰਜ਼ਿਲਾਂ ਦੇ ਇਸਤੇਮਾਲ ਦੀ ਇਜਾਜ਼ਤ ਵੀ ਦਿੱਤੀ ਜਾਵੇ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਅਦਾਲਤ ਨੇ ਹਾਲਾਂਕਿ ਉਨ੍ਹਾਂ ਨੂੰ ਇਸ ਸਬੰਧੀ ਅਪੀਲ ਥਾਣਾ ਮੁਖੀ ਅੱਗੇ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਥਾਣਾ ਮੁਖੀ ਬੋਰਡ ਵੱਲੋਂ ਦਿੱਤੀ ਗਈ ਅਜਿਹੀ ਕਿਸੇ ਵੀ ਅਰਜ਼ੀ ‘ਤੇ ਕਾਨੂੰਨ ਮੁਤਾਬਕ ਵਿਚਾਰ ਕਰ ਸਕਦੇ ਹਨ।