ਪੰਜਾਬ ਵਿਚ ਬਿਨਾ ਪ੍ਰੀਖਿਆਵਾਂ ਤੋਂ ਪਾਸ ਹੋਣਗੇ ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀ

ਪੰਜਾਬ ਵਿਚ ਬਿਨਾ ਪ੍ਰੀਖਿਆਵਾਂ ਤੋਂ ਪਾਸ ਹੋਣਗੇ ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀ


ਚੰਡੀਗੜ੍ਹ, 15 ਅਪਰੈਲ

ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨਾ ਪ੍ਰੀਖਿਆਵਾਂ ਤੋਂ ਪਾਸ ਕਰ ਕੇ ਅਗਲੀਆਂ ਜਮਾਤਾਂ ਵਿੱਚ ਪ੍ਰੋਮੋਟ ਕਰ ਦਿੱਤਾ ਜਾਵੇਗਾ। ਪੰਜਾਬ ਰਾਜ ਪ੍ਰੀਖਿਆਵਾਂ ਬੋਰਡ ਵੱਲੋਂ ਲਈ ਜਾਂਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਜੋ ਕਿ ਪਹਿਲਾਂ ਹੀ ਮੁਲਤਵੀ ਕੀਤੀ ਜਾ ਚੁੱਕੀ ਹੈ, ਬਾਰੇ ਫ਼ੈਸਲਾ ਅੱਗੇ ਕਰੋਨਾ ਸਬੰਧੀ ਹਾਲਾਤ ਨੂੰ ਧਿਆਨ ਵਿਚ ਰੱਖ ਕੇ ਲਿਆ ਜਾਵੇਗਾ। ਸਰਕਾਰੀ ਬਿਆਨ ਅਨੁਸਾਰ ਇਹ ਫ਼ੈਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੋਵਿਡ-19 ਦੀ ਸਮੀਖਿਆ ਸਬੰਧੀ ਹੋਈ ਮੀਟਿੰਗ ਵਿਚ ਲਏ ਗਏ। ਇਹ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਸੀਬੀਐਸਈ ਦੀਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕੀਤੇ ਜਾਣ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੇ ਜਾਣ ਸਬੰਧੀ ਐਲਾਨ ਕੀਤੇ ਜਾਣ ਤੋਂ ਇਕ ਦਿਨ ਬਾਅਦ ਲਿਆ ਗਿਆ ਹੈ। ਪੰਜਵੀਂ ਜਮਾਤ ਦੇ ਪੰਜ ਵਿਚੋਂ ਚਾਰ ਪੇਪਰ ਪਹਿਲਾਂ ਹੀ ਹੋ ਚੁੱਕੇ ਹਨ ਤੇ ਇਨ੍ਹਾਂ ਚਾਰ ਪੇਪਰਾਂ ਵਿਚ ਹਾਸਲ ਕੀਤੇ ਗਏ ਅੰਕਾਂ ਦੇ ਆਧਾਰ ‘ਤੇ ਹੀ ਵਿਦਿਆਰਥੀਆਂ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਅੱਠਵੀਂ ਤੇ ਦਸਵੀਂ ਜਮਾਤ ਦੇ ਨਤੀਜੇ ਸਬੰਧਤ ਸਕੂਲਾਂ ਵੱਲੋਂ ਲਈਆਂ ਗਈਆਂ ਪ੍ਰੀ-ਬੋਰਡ ਪ੍ਰੀਖਿਆਵਾਂ ਜਾਂ ਕੀਤੇ ਗਏ ਅੰਦਰੂਨੀ ਮੁਲਾਂਕਣ ਦੇ ਆਧਾਰ ‘ਤੇ ਹੀ ਐਲਾਨ ਦਿੱਤਾ ਜਾਵੇ। ਮੀਟਿੰਗ ਵਿਚ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ, ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਮੁੱਖ ਸਕੱਤਰ ਵਿਨੀ ਮਹਾਜਨ ਤੇ ਡੀਜੀਪੀ ਦਿਨਕਰ ਗੁਪਤਾ ਵੀ ਹਾਜ਼ਰ ਸਨ।



Source link