ਕਰੋਨਾ ਮਹਾਮਾਰੀ ਨੂੰ ਹਲਕੇ ’ਚ ਲੈਣ ਵਾਲਾ ਰਵੱਈਆ ਖ਼ਤਰਨਾਕ: ਹਰਸ਼ ਵਰਧਨ

ਕਰੋਨਾ ਮਹਾਮਾਰੀ ਨੂੰ ਹਲਕੇ ’ਚ ਲੈਣ ਵਾਲਾ ਰਵੱਈਆ ਖ਼ਤਰਨਾਕ: ਹਰਸ਼ ਵਰਧਨ


ਨਵੀਂ ਦਿੱਲੀ, 16 ਅਪਰੈਲ

ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਲੋਕਾਂ ਵੱਲੋਂ ਕੋਵਿਡ-19 ਮਹਾਮਾਰੀ ਪ੍ਰਤੀ ਅਪਣਾਇਆ ਲਾਪ੍ਰਵਾਹੀ ਵਾਲਾ ਰਵੱਈਆ ਬਹੁਤ ਖ਼ਤਰਨਾਕ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਲੋਕ ਇਸ ਮਹਾਮਾਰੀ ਨੂੰ ਹਲਕੇ ਵਿੱਚ ਨਾ ਲੈਣ। ਉਨ੍ਹਾਂ ਕਿਹਾ ਕਿ ਕੋਵਿਡ-19 ਪ੍ਰਤੀ ਲੋਕਾਂ ਦਾ ਰਵੱਈਆ ਸਭ ਤੋਂ ਵੱਡਾ ਸਮਾਜਿਕ ਸੰਦ ਹੈ, ਜੋ ਵਾਇਰਸ ਦੇ ਫੈਲਾਅ ਦੀ ਕੜੀ ਨੂੰ ਤੋੜ ਸਕਦਾ ਹੈ। ਡਾ. ਵਰਧਨ ਏਮਸ ਦੇ ਟਰੌਮਾ ਸੈਂਟਰ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਦੇ ਸੰਦਰਭ ਵਿੱਚ ਸਿਹਤ ਸੰਭਾਲ ਨਾਲ ਜੁੜੇ ਬੁਨਿਆਦੀ ਢਾਂਚੇ ਦੀ ਸਮੀਖਿਆ ਲਈ ਆਏ ਸਨ। ਉਨ੍ਹਾਂ ਕਿਹਾ, ‘ਪਿਛਲੇ ਸਾਲ ਦੇ ਮੁਕਾਬਲੇ ਸਾਡੇ ਕੋਲ ਐਤਕੀਂ ਇਸ ਰੋਗ ਬਾਰੇ ਵਧੇਰੇ ਤਜਰਬਾ, ਗਿਆਨ ਤੇ ਸਮਝ ਹੈ। ਉਨ੍ਹਾਂ ਕਿਹਾ, ‘ਮੌਜੂਦਾ ਸਮੇਂ ਏਮਸ ਟਰੌਮਾ ਸੈਂਟਰ ਵਿੱਚ 266 ਬੈੱਡ ਹਨ, ਜਿਨ੍ਹਾਂ ਵਿੱਚੋਂ 253 ‘ਤੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਜਲਦੀ ਹੀ 70 ਹੋਰ ਬੈੱਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਦੇਸ਼ ਵਿੱਚ ਐਂਟੀ-ਵਾਇਰਲ ਡਰੱਗ ਰੈਮਡੇਸਿਵਿਰ ਦੀ ਕਥਿਤ ਘਾਟ ਬਾਰੇ ਪੁੱਛੇ ਜਾਣ ‘ਤੇ ਡਾ. ਵਰਧਨ ਨੇ ਕਿਹਾ ਕਿ ਨਿਰਮਾਤਾਵਾਂ ਨੂੰ ਡਰੱਗ ਦਾ ਉਤਪਾਦਨ ਵਧਾਉਣ ਲਈ ਆਖ ਦਿੱਤਾ ਗਿਆ ਹੈ। -ਪੀਟੀਆਈ

ਕੇਸਾਂ ‘ਚ ਵਾਧਾ ਚਿੰਤਾਜਨਕ: ਡਬਲਿਊਐਚਓ

ਜਨੇਵਾ: ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੇ ਮੁਖੀ ਟੈਡਰੋਸ ਅਧਾਨੋਮ ਨੇ ਕਿਹਾ ਹੈ ਕਿ ਆਲਮੀ ਪੱਧਰ ਉਤੇ ਕਰੋਨਾਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ‘ਚਿੰਤਾ ‘ਚ ਪਾਉਣ ਵਾਲੀ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਹਰ ਹਫ਼ਤੇ ਸਾਹਮਣੇ ਆ ਰਹੇ ਕੇਸਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਨਵੇਂ ਕੇਸਾਂ ਦੀ ਜਿਹੜੀ ਦਰ ਹੁਣ ਸਾਹਮਣੇ ਆ ਰਹੀ ਹੈ, ਉਹ ਪਹਿਲਾਂ ਨਹੀਂ ਦੇਖੀ ਗਈ। ਉਨ੍ਹਾਂ ਕਿਹਾ ਕਿ ਕੁਝ ਮੁਲਕ ਜਿੱਥੇ ਕੋਵਿਡ ਪਹਿਲਾਂ ਜ਼ਿਆਦਾ ਨਹੀਂ ਫੈਲਿਆ, ਹੁਣ ਤੇਜ਼ੀ ਨਾਲ ਫੈਲ ਰਿਹਾ ਹੈ। ਟੈਡਰੋਸ ਨੇ ਵੈਕਸੀਨ ਦੀ ਸਾਰੇ ਪਾਸੇ ਬਰਾਬਰ ਵੰਡ ‘ਤੇ ਜ਼ੋਰ ਦਿੱਤਾ। -ਏਪੀ



Source link