ਨਵੀਂ ਦਿੱਲੀ, 17 ਅਪਰੈਲ
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੋਨਾ ਮਹਾਮਾਰੀ ਨਾਲ ਨਜਿੱਠਣ ਦੀ ਥਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਕਰਕੇ ਲਾਪ੍ਰਵਾਹੀ ਦਾ ਸਬੂਤ ਦੇ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦਿੱਲੀ ਰਹਿ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ ਅਤੇ ਮੁੱਖ ਮੰਤਰੀਆਂ ਨਾਲ ਤਾਲਮੇਲ ਕਰਕੇ ਕਰੋਨਾ ਨਾਲ ਨਜਿੱਠਣਾ ਚਾਹੀਦਾ ਹੈ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਪ੍ਰਧਾਨ ਮੰਤਰੀ ਦਿੱਲੀ ਰਹਿ ਕੇ ਕਰੋਨਾ ਦੇ ਹਾਲਾਤ ਨਾਲ ਨਜਿੱਠਣ ਦੀ ਥਾਂ ਪੱਛਮੀ ਬੰਗਾਲ ‘ਚ ਰੈਲੀਆਂ ਕਰ ਰਹੇ ਹਨ। ਉਨ੍ਹਾਂ ਵੱਲੋਂ ਹੈਰਾਨ ਕਰਨ ਵਾਲੀ ਬੇਰੁਖੀ ਦਿਖਾਈ ਜਾ ਰਹੀ ਹੈ।’ ਚਿਦੰਬਰਮ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਪੱਛਮੀ ਬੰਗਾਲ ਦੇ ਲੋਕ ਇਸ ਦਾ ਨੋਟਿਸ ਲੈਣਗੇ ਅਤੇ ਉਨ੍ਹਾਂ (ਮੋਦੀ) ਨੂੰ ਹੈਰਾਨ ਕਰਨ ਵਾਲਾ ਜਵਾਬ ਦੇਣਗੇ। ਇਸੇ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੇਸ਼ ‘ਚ ਕਰੋਨਾਵਾਇਰਸ ਕਾਰਨ ਬਣੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਸਿਆਸੀ ਪ੍ਰੋਗਰਾਮ ਤੇ ਰੈਲੀਆਂ ਰੋਕ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ, ‘ਕੋਵਿਡ-19 ਦੇ ਹਾਲਾਤ ਦੇਸ਼ ਭਰ ‘ਚ ਖਤਰਨਾਕ ਹੋ ਚੁੱਕੇ ਹਨ। ਇਹ ਇਹ ਵਾਇਰਸ ਬੱਚਿਆਂ ਤੇ ਨੌਜਵਾਨਾਂ ‘ਚ ਵੀ ਫ਼ੈਲ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਹੁਣ ਆਪਣੇ ਸਿਆਸੀ ਪ੍ਰੋਗਰਾਮ, ਰੈਲੀਆਂ ਤੇ ਰੋਡ ਸ਼ੋਅ ਬੰਦ ਕਰ ਦੇਣੇ ਚਾਹੀਦੇ ਹਨ।’ -ਪੀਟੀਆਈ