ਲਾਹੌਰ, 19 ਅਪਰੈਲ
ਪਾਕਿਸਤਾਨ ਦੇ ਸਿਆਸੀ ਇਸਲਾਮਿਕ ਗਰੁੱਪ ‘ਤਹਿਰੀਕ-ਏ-ਲਬਾਇਕ ਪਾਕਿਸਤਾਨ ਪਾਰਟੀ’ ਨੇ ਬੰਧਕ ਬਣਾਏ 11 ਪੁਲੀਸ ਕਰਮੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਗਰੁੱਪ ਨੇ ਪੁਲੀਸ ਕਰਮੀਆਂ ਨੂੰ ਲਾਹੌਰ ਦੇ ਇਕ ਹਿੱਸੇ ਵਿਚ ਬੰਦੀ ਬਣਾ ਲਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਇਸ ਕੱਟੜਵਾਦੀ ਗਰੁੱਪ ਤੇ ਪੁਲੀਸ ਦਰਮਿਆਨ ਕਈ ਦਿਨਾਂ ਤੋਂ ਹਿੰਸਕ ਟਕਰਾਅ ਹੋ ਰਿਹਾ ਹੈ। ਪਾਰਟੀ ਦੇ ਸਮਰਥਕਾਂ ਨੇ ਐਤਵਾਰ ਰੋਸ ਮੁਜ਼ਾਹਰੇ ਵਾਲੀ ਥਾਂ ਨੇੜੇ ਇਕ ਪੁਲੀਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਸੀ ਤੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਸੀ। ਇਹ ਗਰੁੱਪ ਆਪਣੇ ਆਗੂ ਸਾਦ ਰਿਜ਼ਵੀ ਦੀ ਗ੍ਰਿਫ਼ਤਾਰ ਖ਼ਿਲਾਫ਼ ਰੋਸ ਪ੍ਰਗਟਾ ਰਿਹਾ ਹੈ। ਇਸ ਤੋਂ ਇਲਾਵਾ ਇਮਰਾਨ ਖ਼ਾਨ ਸਰਕਾਰ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਤੁਰੰਤ ਦੇਸ਼ ‘ਚੋਂ ਕੱਢਿਆ ਜਾਵੇ। ਜ਼ਿਕਰਯੋਗ ਹੈ ਕਿ ਫਰਾਂਸ ਵਿਚ ਹਜ਼ਰਤ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਏ ਜਾਣ ਦਾ ਪਾਕਿਸਤਾਨ ਸਣੇ ਪੂਰੀ ਦੁਨੀਆ ਵਿਚ ਵਿਰੋਧ ਹੋਇਆ ਸੀ। -ਏਪੀ