ਯੈਂਗੋਨ, 18 ਅਪਰੈਲ
ਮਿਆਂਮਾਰ ਵਿਚ ਫ਼ੌਜ ਤੇ ਪੁਲੀਸ ਲਗਾਤਾਰ ਲੋਕਾਂ ਖ਼ਿਲਾਫ਼ ਤਾਕਤ ਵਰਤ ਰਹੀ ਹੈ। ਫ਼ੌਜੀ ਰਾਜ ਪਲਟੇ ਦਾ ਵਿਰੋਧ ਕਰ ਰਹੇ ਤਿੰਨ ਜਣੇ ਸ਼ਨਿਚਰਵਾਰ ਮੋਗੌਕ ਸ਼ਹਿਰ ਵਿਚ ਮਾਰੇ ਗਏ ਹਨ। ਦੱਸਣਯੋਗ ਹੈ ਕਿ ਮਾਰਚ ਮਹੀਨੇ ਰਾਜ ਪਲਟੇ ਦਾ ਵਿਰੋਧ ਕਰ ਰਹੇ ਹਜ਼ਾਰਾਂ ਲੋਕਾਂ ਨੂੰ ਕੈਦ ਵੀ ਕੀਤਾ ਗਿਆ ਸੀ। ਹਾਲੇ ਤੱਕ ਨਾ ਤਾਂ ਫ਼ੌਜੀ ਸਰਕਾਰ ਤੇ ਨਾ ਹੀ ਵਿਰੋਧ ਕਰ ਰਹੇ ਲੋਕਾਂ ਨੇ ਪਿੱਛੇ ਹਟਣ ਦਾ ਕਿਸੇ ਵੀ ਤਰ੍ਹਾਂ ਦਾ ਸੰਕੇਤ ਦਿੱਤਾ ਹੈ। ਪੱਛਮੀ ਮੁਲਕ ਫ਼ੌਜ ‘ਤੇ ਕੂਟਨੀਤਕ ਤੇ ਆਰਥਿਕ ਪਾਬੰਦੀਆਂ ਰਾਹੀਂ ਦਬਾਅ ਬਣਾਉਣ ਦਾ ਯਤਨ ਕਰ ਰਹੇ ਹਨ। ਪਰ ਇਸ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ। ਇਸੇ ਦੌਰਾਨ ਮਿਆਂਮਾਰ ਦੀ ‘ਜੁੰਟਾ’ (ਫ਼ੌਜ) ਨੇ ਸ਼ਨਿਚਰਵਾਰ ਕਰੀਬ 23 ਹਜ਼ਾਰ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਅਜਿਹਾ ਰਵਾਇਤੀ ਨਵਾਂ ਸਾਲ ਸ਼ੁਰੂ ਹੋਣ ਮੌਕੇ ਕੀਤਾ ਗਿਆ ਹੈ। ਰਿਹਾਅ ਕੀਤੇ ਜਾਣ ਵਾਲਿਆਂ ਵਿਚ ਤਿੰਨ ਸਿਆਸੀ ਕੈਦੀ ਵੀ ਸ਼ਾਮਲ ਹਨ। ਇਕ ਫ਼ੌਜੀ ਆਗੂ ਨੇ ਐਲਾਨ ਕੀਤਾ ਹੈ ਕਿ ਉਹ ਇਸੇ ਮਹੀਨੇ ਹੋਣ ਵਾਲੇ ਇਕ ਖੇਤਰੀ ਸੰਮੇਲਨ ਵਿਚ ਹਿੱਸਾ ਵੀ ਲਵੇਗਾ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰਿਹਾਅ ਕੀਤੇ ਜਾਣ ਵਾਲੇ ਲੋਕਤੰਤਰ ਪੱਖੀ ਕਾਰਕੁਨ ਹਨ ਜਾਂ ਫਿਰ ਉਹ ਹਨ ਜਿਨ੍ਹਾਂ ਨੂੰ ਰਾਜ ਪਲਟੇ ਖ਼ਿਲਾਫ਼ ਰੋਸ ਮੁਜ਼ਾਹਰਿਆਂ ਲਈ ਹਿਰਾਸਤ ਵਿਚ ਲਿਆ ਗਿਆ ਸੀ। ਰਿਹਾਅ ਕੀਤੇ ਜਾਣ ਵਾਲਿਆਂ ਵਿਚ 137 ਵਿਦੇਸ਼ੀ ਵੀ ਹਨ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਵੇਗਾ। ਵੇਰਵਿਆਂ ਮੁਤਾਬਕ ਰਾਜ ਪਲਟੇ ਮਗਰੋਂ ਹਿੰਸਾ ਵਿਚ ਹੁਣ ਤੱਕ 728 ਜਣੇ ਮਾਰੇ ਗਏ ਹਨ ਤੇ ਕਰੀਬ 3141 ਜਣੇ ਨਜ਼ਰਬੰਦ ਹਨ। ਇਨ੍ਹਾਂ ਵਿਚ ਲੋਕ ਆਗੂ ਆਂਗ ਸਾਂ ਸੂ ਕੀ ਵੀ ਸ਼ਾਮਲ ਹੈ। -ਏਪੀ