ਦਵਿੰਦਰ ਪਾਲ
ਚੰਡੀਗੜ, 19 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਲੱਗੇ ਧਰਨਿਆਂ ਤੋਂ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ‘ਤੇ ਸੰਘਰਸ਼ ਕਰ ਰਹੇ ਸਾਥੀਆਂ ਦੀਆਂ ਫ਼ਸਲਾਂ ਸੰਭਾਲਣ ਦਾ ਐਲਾਨ ਕਰਦਿਆਂ ਕਿਹਾ ਕਿ ਕਿਸੇ ਵੀ ਧਰਨਾਕਾਰੀ ਦੀ ਫ਼ਸਲ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਕਣਕ ਦੇ ਖਰੀਦ ਪ੍ਰਬੰਧਾਂ ਸਬੰਧੀ ਸਰਕਾਰੀ ਵੱਲੋਂ ਕੀਤੇ ਗਏ ਦਾਅਵਿਆਂ ‘ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਦੇ ਬਾਵਜੂਦ ਸਰਕਾਰ ਫਸਲਾਂ ਦੀ ਖਰੀਦ ਦਾ ਪੁਖਤਾ ਇੰਤਜ਼ਾਮ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਮੁਸ਼ਕਲਾਂ ਤੋਂ ਘਬਰਾਉਣਗੇ ਨਹੀਂ। ਉਹ ਫਸਲ ਕੱਟਣਗੇ ਵੀ , ਵੇਚਣਗੇ ਵੀ ਅਤੇ ਆਪਣਾ ਅੰਦੋਲਨ ਵੀ ਜਾਰੀ ਰੱਖਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਧਾਰਨਾ ਨੂੰ ਤੋੜਨ ‘ਚ ਕਾਮਯਾਬ ਹੋਈ ਕਿ ਇਸ ਸੂਬੇ ਦਾ ਵੱਡਾ ਹਿੱਸਾ ਵਿਹਲੜ-ਨਸ਼ੇੜੀ ਹੈ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੇ ਘਰਾਂ, ਟੌਲ ਪਲਾਜ਼ਿਆਂ, ਰੇਲਵੇ ਸਟੇਸ਼ਨਾਂ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਇਲੋ ਅੱਗੇ ਧਰਨਿਆਂ ਸਮੇਤ ਸਵਾ ਸੌ ਤੋਂ ਵੱਧ ਥਾਵਾਂ ‘ਤੇ ਸੰਘਰਸ਼ ਜਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਹਾੜ੍ਹੀ ਦੇ ਕੰਮਾਂ ‘ਚ ਰੁੱਝੇ ਹੋਣ ਕਾਰਨ ਹੁਣ ਬਹੁਤੀ ਥਾਈਂ ਮੋਰਚਿਆਂ ਦੀ ਕਮਾਨ ਔਰਤਾਂ ਨੇ ਸੰਭਾਲ ਲਈ ਹੈ। ਮੰਚ ਸੰਚਾਲਨ, ਬੁਲਾਰਿਆਂ ਅਤੇ ਹੋਰ ਪ੍ਰਬੰਧਾਂ ‘ਚ ਔਰਤਾਂ ਵੱਡੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ। ਸਟੇਜਾਂ ‘ਤੇ ਜੋਸ਼ੀਲੀਆਂ ਤਕਰੀਰਾਂ ਕਰਦੀਆਂ ਔਰਤਾਂ ਸੱਤਾਧਾਰੀ ਜਮਾਤ ਅੱਗੇ ਵੰਗਾਰ ਬਣ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਣ ‘ਤੇ ਛੋਟੀ ਅਤੇ ਦਰਮਿਆਨੀ ਕਿਸਾਨੀ ਸਮੇਤ ਮਜ਼ਦੂਰ ਵਰਗ ਤਬਾਹੀ ਵੱਲ ਜਾਏਗਾ।