ਨਵੀਂ ਦਿੱਲੀ: ਕੋਵਿਡ-19 ਤੋਂ ਬਚਾਅ ਲਈ ਤੀਜੇ ਪੜਾਅ ਤਹਿਤ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ‘ਕੋਵਿਨ’ ਪਲੈਟਫਾਰਮ ਤੇ ‘ਅਰੋਗਿਆ ਸੇਤੂ’ ਐਪ ‘ਤੇ ਰਜਿਸਟ੍ਰੇਸ਼ਨ 28 ਅਪਰੈਲ ਤੋਂ ਸ਼ੁਰੂ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਟੀਕਾ ਲਵਾਉਣ ਦਾ ਅਮਲ ਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਕਾਰਵਾਈ ਪਹਿਲਾਂ ਵਾਂਗ ਰਹੇਗੀ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ 1 ਮਈ ਤੋਂ ਟੀਕਾਕਰਨ ਦੇ ਤੀਜੇ ਗੇੜ ਦਾ ਐਲਾਨ ਕੀਤਾ ਸੀ। ਇਸ ਗੇੜ ਵਿੱਚ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਕਰੋਨਾ ਤੋਂ ਬਚਾਅ ਲਈ ਟੀਕਾ ਲਵਾਉਣ ਦੇ ਯੋਗ ਹੋਵੇਗਾ। ਕੇਂਦਰੀ ਸਿਹਤ ਮੰਤਰਾਲੇ ਨੇ ਇਕ ਟਵੀਟ ‘ਚ ਕਿਹਾ, ‘ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕੋਵਿਡ ਪੋਰਟਲ ਨੂੰ 18 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਲਈ 24 ਅਪਰੈਲ ਤੱਕ ਤਿਆਰ ਕਰ ਦਿੱਤਾ ਜਾਵੇਗਾ ਜਦੋਂਕਿ (ਟੀਕਾ ਲਵਾਉਣ ਲਈ) ਦਿਨ ਨਿਰਧਾਰਿਤ ਕਰਨ ਲਈ ਰਜਿਸਟ੍ਰੇਸ਼ਨ 28 ਅਪਰੈਲ ਤੋਂ ਸ਼ੁਰੂ ਹੋਵੇਗੀ।’ -ਪੀਟੀਆਈ