ਬਾਇਡਨ ਪ੍ਰਸ਼ਾਸਨ ’ਤੇ ਐਸਟਰਾਜ਼ੈਨੇਕਾ ਵੈਕਸੀਨ ਤੇ ਹੋਰ ਦਵਾਈਆਂ ਭਾਰਤ ਭੇਜਣ ਲਈ ਦਬਾਅ

ਬਾਇਡਨ ਪ੍ਰਸ਼ਾਸਨ ’ਤੇ ਐਸਟਰਾਜ਼ੈਨੇਕਾ ਵੈਕਸੀਨ ਤੇ ਹੋਰ ਦਵਾਈਆਂ ਭਾਰਤ ਭੇਜਣ ਲਈ ਦਬਾਅ


ਵਾਸ਼ਿੰਗਟਨ, 24 ਅਪਰੈਲ

ਬਾਇਡਨ ਪ੍ਰਸ਼ਾਸਨ ‘ਤੇ ਐਸਟਰਾਜ਼ੈਨੇਕਾ ਤੇ ਕਰੋਨਾਵਾਇਰਸ ਤੋਂ ਬਚਾਅ ਲਈ ਹੋਰ ਵੈਕਸੀਨਜ਼ ਦੇ ਨਾਲ ਵੱਖ-ਵੱਖ ਜੀਵਨ ਰੱਖਿਅਕ ਦਵਾਈਆਂ ਭਾਰਤ ਭੇਜਣ ਲਈ ਤਾਕਤਵਰ ਯੂਐੱਸ ਚੈਂਬਰਜ਼ ਆਫ਼ ਕਾਮਰਸ, ਕਾਨੂੰਨ ਘਾੜਿਆਂ ਅਤੇ ਪ੍ਰਸਿੱਧ ਭਾਰਤੀ ਅਮਰੀਕੀਆਂ ਸਣੇ ਵੱਖ-ਵੱਖ ਵਰਗਾਂ ਵੱਲੋਂ ਕਾਫੀ ਦਬਾਅ ਬਣਾਇਆ ਜਾ ਰਿਹਾ ਹੈ।ਯੂਐੱਸ ਚੈਂਬਰ ਆਫ਼ ਕਾਮਰਸ ਵਿੱਚ ਕਾਰਜਕਾਰੀ ਮੀਤ ਪ੍ਰਧਾਨ ਤੇ ਕੌਮਾਂਤਰੀ ਮਾਮਲਿਆਂ ਦੇ ਮੁਖੀ ਮਾਈਰੌਨ ਬ੍ਰਿਲੀਅੰਟ ਨੇ ਕਿਹਾ, ”ਕਰੋਨਾਵਾਇਰਸ ਮਹਾਮਾਰੀ ਨੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਭਾਰੀ ਤਬਾਹੀ ਮਚਾਈ ਹੈ। ਅਜਿਹੇ ਵਿਚ ਯੂਐੱਸ ਚੈਂਬਰ ਭੰਡਾਰ ਵਿੱਚ ਪਈਆਂ ਐਸਟਰਾਜ਼ੈਨੇਕਾ ਵੈਕਸੀਨ ਦੀਆਂ ਲੱਖਾਂ ਡੋਜ਼ ਤੇ ਹੋਰ ਜੀਵਨ ਰੱਖਿਅਕ ਦਵਾਈਆਂ, ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤ, ਬ੍ਰਾਜ਼ੀਲ ਤੇ ਹੋਰ ਦੇਸ਼ਾਂ ਵਿਚ ਭੇਜਣ ਲਈ ਉਤਸ਼ਾਹਿਤ ਕਰਦਾ ਹੈ।” ਉਨ੍ਹਾਂ ਕਿਹਾ ਕਿ ਵੈਕਸੀਨ ਦੀਆਂ ਇਨ੍ਹਾਂ ਡੋਜ਼ਾਂ ਦੀ ਅਮਰੀਕਾ ਵਿਚ ਐਨੀ ਲੋੜ ਨਹੀਂ ਪਵੇਗੀ ਕਿਉਂਕਿ ਅੰਦਾਜ਼ਾ ਹੈ ਕਿ ਵੈਕਸੀਨ ਉਤਪਾਦਕ ਹਰੇਕ ਅਮਰੀਕੀ ਨੂੰ ਡੋਜ਼ ਲਾਉਣ ਜਿੰਨੀਆਂ ਡੋਜ਼ ਜੂਨ ਦੇ ਸ਼ੁਰੂ ਤੱਕ ਹੀ ਬਣਾ ਲੈਣਗੇ। ਇਹ ਕਦਮ ਕੋਵੈਕਸ ਵਰਗੀ ਪਹਿਲ ਦੇ ਸਣੇ ਹੋਰ ਮੋਰਚਿਆਂ ‘ਤੇ ਅਮਰੀਕੀ ਲੀਡਰਸ਼ਿਪ ਨੂੰ ਮਜ਼ਬੂਤ ਬਣਾਏਗਾ। ਉਨ੍ਹਾਂ ਕਿਹਾ, ”ਅਸੀਂ ਦੁਨੀਆ ਭਰ ਦੇ ਸਾਂਝੇਦਾਰਾਂ ਨਾਲ ਕੰਮ ਕਰਦੇ ਹਾਂ ਕਿਉਂਕਿ ਕੋਈ ਵੀ ਇਸ ਮਹਾਮਾਰੀ ਤੋਂ ਉਦੋਂ ਤੱਕ ਸੁਰੱਖਿਅਤ ਨਹੀਂ ਹੈ ਜਦੋਂ ਤੱਕ ਕਿ ਅਸੀਂ ਸਾਰੇ ਇਸ ਤੋਂ ਸੁਰੱਖਿਅਤ ਨਹੀਂ ਹੋ ਜਾਂਦੇ।” ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਕਰੋਨਾ ਖ਼ਿਲਾਫ਼ ਲੜਾਈ ਵਿਚ ਦੁਨਿਆਵੀ ਪੱਧਰ ‘ਤੇ ਮੰਗੀ ਗਈ ਮਦਦ ਤੋਂ ਬਾਅਦ ਯੂਐੱਸ ਚੈਂਬਰਜ਼ ਨੇ ਇਹ ਬਿਆਨ ਜਾਰੀ ਕੀਤਾ ਹੈ।

ਕਾਂਗਰਸ ਦੀ ਮੈਂਬਰ ਰਾਸ਼ਿਦਾ ਤਾਲਿਬ ਨੇ ਟਵੀਟ ਕੀਤਾ ਕਿ ਭਾਰਤ ਵਿਚ ਕਰੋਨਾ ਸਬੰਧੀ ਹਾਲਾਤ ਇਕ ਸਖ਼ਤ ਚਿਤਾਵਨੀ ਹੈ ਕਿ ਜਦੋਂ ਤੱਕ ਸਾਰੀ ਦੁਨੀਆ ਸੁਰੱਖਿਅਤ ਨਹੀਂ ਹੁੰਦੀ ਉਦੋਂ ਤੱਕ ਇਹ ਮਹਾਮਾਰੀ ਖ਼ਤਮ ਨਹੀਂ ਹੋਵੇਗੀ।

ਇਸੇ ਤਰ੍ਹਾਂ ‘ਦਿ ਵਾਸ਼ਿੰਗਟਨ ਪੋਸਟ’ ਨੇ ਆਪਣੀ ਮੁੱਖ ਸੰਪਾਦਕੀ ਵਿਚ ਕਿਹਾ, ”ਭਾਰਤ ਵਿਚ ਕਰੋਨਾ ਸਬੰਧੀ ਹਾਲਾਤ ਕੋਈ ਦੂਰ ਦੀ ਸਮੱਸਿਆ ਨਹੀਂ ਹੈ। ਮਹਾਮਾਰੀ ਦੇ ਇਸ ਦੌਰ ਵਿਚ ਹਰੇਕ ਥਾਂ ਨੇੜੇ ਹੈ।”

ਇਸੇ ਤਰ੍ਹਾਂ ਰਾਸ਼ਟਰਪਤੀ ਚੋਣਾਂ ਦੌਰਾਨ ਬਾਇਡਨ ਦੇ ਚੋਣ ਪ੍ਰਚਾਰ ਲਈ ਫੰਡ ਇਕੱਠੇ ਕਰਨ ਵਾਲੇ ਸ਼ੇਖਰ ਨਰਸਿਮਹਨ ਨੇ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ। ਉਨ੍ਹਾਂ ਕਿਹਾ, ”ਰਾਸ਼ਟਰਪਤੀ ਕ੍ਰਿਪਾ ਕਰ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰੋ ਅਤੇ ਦੇਖੋ ਜੇਕਰ ਅਸੀਂ ਭਲਕ ਤੱਕ ਐਸਟਰਾਜ਼ੈਨੇਕਾ ਵੈਕਸੀਨ ਦੀਆਂ ਇਕ ਕਰੋੜ ਡੋਜ਼ ਭਾਰਤ ਭੇਜ ਸਕਦੇ ਹਾਂ। ਸਾਨੂੰ ਹੁਣ ਜ਼ਰੂਰ ਮਦਦ ਕਰਨੀ ਹੋਵੇਗੀ।”

ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਉਪ ਤਰਜਮਾਨ ਜੈਲੀਨਾ ਪੋਰਟਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਅਮਰੀਕਾ ਭਾਰਤ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੋਵਿਡ ਸਬੰਧੀ ਹਾਲਾਤ ਦੁਨੀਆ ਭਰ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦਾ ਮਿਲ ਕੇ ਟਾਕਰਾ ਕਰਨ ਲਈ ਉਹ ਹਰ ਪੱਧਰ ‘ਤੇ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉੱਧਰ, ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਮਹਾਮਾਰੀ ਨਾਲ ਜੂਝ ਰਹੇ ਭਾਰਤ ਵਾਸੀਆਂ ਨਾਲ ਅਮਰੀਕਾ ਹਮਰਦਰਦੀ ਰੱਖਦਾ ਹੈ। ਸ੍ਰੀ ਸਾਕੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਸੰਕਟ ਨਾਲ ਨਜਿੱਠਣ ਦੇ ਤੌਰ-ਤਰੀਕਿਆਂ ਦੀ ਪਛਾਣ ਲਈ ਭਾਰਤੀ ਅਧਿਕਾਰੀਆਂ ਨਾਲ ਮਿਲ ਕੇ ਸਿਆਸੀ ਤੇ ਮਾਹਿਰਾਂ ਦੇ ਪੱਧਰ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਕੁਆਡ ਸਮੂਹ ਦੇ ਆਪਣੇ ਸਾਂਝੇਦਾਰਾਂ ਨਾਲ ਟੀਕਾ ਸਹਿਯੋਗ ਨੂੰ ਪਹਿਲ ਬਣਾਇਆ ਹੈ ਅਤੇ ਭਵਿੱਖ ਵਿੱਚ ਭਾਰਤ ਵੈਕਸੀਨ ਉਤਪਾਦਨ ਤੇ ਵੰਡ ਬਾਰੇ ਚਰਚਾ ਲਈ ਉਨ੍ਹਾਂ ਦੇ ਕੁਆਡ ਸਾਂਝੇਦਾਰਾਂ ਵਿੱਚੋਂ ਇਕ ਹੈ। ਕੁਆਡ ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਦੇਸ਼ਾਂ ਦਾ ਇਕ ਸਮੂਹ ਹੈ। ਸਾਕੀ ਨੇ ਕਿਹਾ ਕਿ ਵਿਸ਼ਵ ਪੱਧਰੀ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਤੋਂ ਉਨ੍ਹਾਂ ਨੇ ਭਾਰਤ ਨੂੰ ਐਮਰਜੈਂਸੀ ਰਾਹਤ ਸਪਲਾਈ, ਸਿਹਤ ਸਹੂਲਤਾਂ, ਕੌਮੀ ਤੇ ਸਥਾਨਕ ਅਧਿਕਾਰੀਆਂ ਨੂੰ ਮਹਾਮਾਰੀ ਸਬੰਧੀ ਸਿਖਲਾਈ ਤੇ ਵੈਂਟੀਲੇਟਰ ਸਹੂਲਤਾਂ ਮੁੁਹੱਈਆ ਕਰਵਾਈਆਂ, ਜੋ ਉਨ੍ਹਾਂ ਦੇ ਯਤਨਾਂ ਦਾ ਹਿੱਸਾ ਹਨ। ਇਸ ਵਿੱਚ ਭਾਰਤ ਨੂੰ ਭਵਿੱਖ ‘ਚ ਮਹਾਮਾਰੀ ਲਈ ਤਿਆਰ ਰਹਿਣ ਤੇ ਮੌਜੂਦਾ ਹਾਲਾਤ ਤੋਂ ਨਜਿੱਠਣ ਲਈ 1.4 ਅਰਬ ਡਾਲਰ ਦੀ ਸਿਹਤ ਸਹਾਇਤਾ ਰਾਸ਼ੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਵੈਕਸ ਲਈ ਵੀ ਅਰਬਾਂ ਡਾਲਰ ਦਿੱਤੇ ਹਨ। ਇਸ ਤੋਂ ਇਲਾਵਾ ਇਕ ਵੱਖਰੀ ਕਾਨਫਰੰਸ ਵਿੱਚ ਰਾਸ਼ਟਰਪਤੀ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਐਂਥਨੀ ਫਾਉਚੀ ਨੇ ਕਿਹਾ ਕਿ ਫਿਲਹਾਲ ਭਾਰਤ ਬਹੁਤ ਭਿਆਨਕ ਸਥਿਤੀ ਵਿਚੋਂ ਲੰਘ ਰਿਹਾ ਹੈ। -ਪੀਟੀਆਈ



Source link