ਲੋਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ

ਲੋਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ


ਸ਼ਸ਼ੀਪਾਲ ਜੈਨ

ਖਰੜ, 24 ਅਪਰੈਲ

ਇਥੇ ਮੰਡੇਰ ਨਗਰ ਵਾਸੀਆਂ ਵੱਲੋਂ ਅੱਜ ਉਨ੍ਹਾਂ ਦੇ ਵਾਰਡ ਵਿੱਚ ਇੱਕ ਟਿਊਬਵੈੱਲ, ਜੋ ਵਾਰਡ ਨੰਬਰ 5 ਲਈ ਪਾਸ ਹੋਇਆ ਸੀ, ਨੂੰ ਮੰਡੇਰ ਨਗਰ ਵਿਚ ਲਗਾਉਣ ਖ਼ਿਲਾਫ਼ ਪ੍ਰਸ਼ਾਸਨ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਸਬੰਧੀ ਮੰਡੇਰ ਨਗਰ ਖਰੜ ਦੇ ਪ੍ਰਧਾਨ ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਮੰਡੇਰ ਨਗਰ ਵਿੱਚ ਪਹਿਲਾਂ ਇੱਕ ਸਰਕਾਰੀ ਟਿਊਬਵੈੱਲ ਚੱਲ ਰਿਹਾ ਹੈ, ਜਿਸ ਦਾ ਪਾਣੀ ਲਾਗਲੀਆਂ ਪੰਜ ਕਲੋਨੀਆਂ ਨੂੰ ਦਿੱਤਾ ਜਾ ਰਿਹਾ ਹੈ, ਜੋ ਕਿ ਪਿਛਲੇ ਪੰਜ ਛੇ ਸਾਲਾਂ ਤੋਂ ਇਸੇ ਤਰ੍ਹਾਂ ਚੱਲ ਰਿਹਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵਲੋਂ ਪਿਛਲੇ ਸਾਲ ਇੱਕ ਟਿਊਬਵੈੱਲ ਵਾਰਡ ਨੰਬਰ 5 ਲਈ ਪਾਸ ਕੀਤਾ ਗਿਆ ਸੀ ਅਤੇ ਉਥੇ ਟਿਊਬਵੈੱਲ ਲਗਾਉਣ ਲਈ ਕਿਰਾਏ ‘ਤੇ ਜਗ੍ਹਾਂ ਵੀ ਲੈ ਲਈ ਸੀ, ਪਰ ਹੁਣ ਇਹ ਟਿਊਬਵੈੱਲ ਮੰਡੇਰ ਨਗਰ, ਜੋ ਵਾਰਡ ਨੰਬਰ 4 ਵਿਚ ਪੈਂਦਾ ਹੈ, ਵਿੱਚ ਲਗਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਡੇਰ ਨਗਰ ਵਿਚ ਪਹਿਲਾਂ ਹੀ ਪਾਰਕ ਅੰਦਰ ਇੱਕ ਟਿਊਬਵੈੱਲ ਲੱਗਿਆ ਹੋਇਆ ਹੈ ਅਤੇ ਜੇ ਉੱਥੇ ਦੂਜਾ ਟਿਊਬਵੈੱਲ ਲੱਗ ਗਿਆ ਤਾਂ ਪਹਿਲਾਂ ਵਾਲਾ ਟਿਊਬਵੈੱਲ ਬੰਦ ਹੋ ਜਾਵੇਗਾ। ਇਸ ਸਬੰਧੀ ਮੰਡੇਰ ਨਗਰ ਦੇ ਉਪ ਪ੍ਰਧਾਨ ਚੰਨਣ ਰਾਮ ਨੇ ਜਾਣਕਾਰੀ ਦਿੱਤੀ ਕਿ ਇਹ ਟਿਊਬਵੈੱਲ ਵਾਰਡ ਨੰਬਰ ਪੰਜ ਵਿੱਚ ਪਾਸ ਹੋਇਆ ਹੈ ਅਤੇ ਪੀਣ ਵਾਲੇ ਪਾਣੀ ਦੀ ਪ੍ਰੇਸ਼ਾਨੀ ਵਾਰਡ ਨੰਬਰ ਪੰਜ ਵਿੱਚ ਜ਼ਿਆਦਾ ਹੈ। ਇਸ ਲਈ ਇਹ ਟਿਊਬਵੈੱਲ ਉੱਥੇ ਹੀ ਲਗਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜਿਹੜੀਆਂ ਨਵੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚ ਟਿਊਬਵੈੱਲ ਤੋਂ ਬਿਨਾਂ ਰੱਖੇ ਨਕਸ਼ੇ ਪਾਸ ਨਾ ਕੀਤੇ ਜਾਣ।



Source link