ਨਵੀਂ ਦਿੱਲੀ, 25 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰਸਾਰਣ ਵਿੱਚ ਕਿਹਾ ਕਿ ਕੋਵਿਡ- 19 ਦੀ ਦੂਜੀ ਲਹਿਰ ਲੋਕਾਂ ਦਾ ਸਬਰ ਅਤੇ ਉਨ੍ਹਾਂ ਵੱਲੋਂ ਦਰਦ ਸਹਿਣ ਦੀ ਸਮਰੱਥਾ ਨੂੰ ਪਰਖ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਕ ਕੋਵਿਡ- 19 ਦੀ ਪਹਿਲੀ ਲਹਿਰ ਨਾਲ ਸਫ਼ਲਤਾਪੂਰਵਕ ਢੰਗ ਨਾਲ ਨਜਿੱਠਣ ਮਗਰੋਂ ਸਵੈ-ਵਿਸ਼ਵਾਸ ਨਾਲ ਭਰਪੂਰ ਤੇ ਹੁਣ ਇਸ ਤੂਫ਼ਾਨ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੱਜ ਦੇ ਪ੍ਰਸਾਰਣ ਵਿੱਚ ਸ੍ਰੀ ਮੋਦੀ ਨੇ ਡਾਕਟਰਾਂ, ਨਰਸਾਂ ਅਤੇ ਫਰੰਟਲਾਈਨ ਵਰਕਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਇਸ ਬਿਮਾਰੀ ਬਾਰੇ ਆਪਣੇ ਤਜਬਰਬੇ ਅਤੇ ਵਿਚਾਰ ਸਾਂਝੇ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਲੋਕ ਜਲਦੀ ਹੀ ਇਸ ਸੰਕਟ ‘ਚੋਂ ਬਾਹਰ ਨਿਕਲ ਆਉਣਗੇ। ਅੱਜ ਦਾ 30 ਮਿੰਟ ਲੰਮਾ ਪ੍ਰਸਾਰਣ ਪੂਰੀ ਤਰ੍ਹਾਂ ਇਸ ਮਹਾਮਾਰੀ ‘ਤੇ ਆਧਾਰਤ ਸੀ ਜੋ ਕਈ ਹਫ਼ਤਿਆਂ ਤੋਂ ਪੂਰੇ ਮੁਲਕ ‘ਚ ਫੈਲ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਮਹਾਮਾਰੀ ਨੂੰ ਹਰਾਉਣਾ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਤ ਕਰਦਿਆਂ ਇਸ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਬਚਣ ਲਈ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਯੋਗ ਲੋਕਾਂ (45 ਸਾਲ ਤੋਂ ਉੱਪਰ) ਨੂੰ ਮੁਫ਼ਤ ‘ਚ ਟੀਕੇ ਲਾਉਣ ਦੀ ਪ੍ਰਕਿਰਿਆ ਜਾਰੀ ਰੱਖੇਗਾ ਤੇ ਇਸ ਵੱਲੋਂ ਇਸ ਬਿਮਾਰੀ ਦਾ ਮੁਕਾਬਲਾ ਕਰਨ ‘ਚ ਪੂਰੀ ਸਮਰੱਥਾ ਨਾਲ ਸੂਬਿਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ,’ਸਾਨੂੰ ਇਸ ਜੰਗ ਨੂੰ ਜਿੱਤਣ ਲਈ ਮਾਹਿਰਾਂ ਤੇ ਵਿਗਿਆਨਕ ਸਲਾਹ ਨੂੰ ਤਵੱਜੋ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਇਸ ਮਹਾਮਾਰੀ ਦੀ ਲਪੇਟ ‘ਚ ਆ ਰਹੇ ਹਨ, ਉੱਥੇ ਵੱਡੀ ਗਿਣਤੀ ‘ਚ ਲੋਕ ਇਸ ਤੋਂ ਉਭਰ ਵੀ ਰਹੇ ਹਨ। ਸ੍ਰੀ ਮੋਦੀ ਨੇ ਸੂਬਿਆਂ ਨੂੰ ਕੇਂਦਰ ਦੀ ਮੁਫ਼ਤ ਟੀਕਾਕਰਨ ਦੀ ਮੁਹਿੰਮ ਦਾ ਲਾਭ ਵੱਡੀ ਗਿਣਤੀ ‘ਚ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ। ਉਨ੍ਹਾਂ ਇਸ ਮਹਾਮਾਰੀ ਦੌਰਾਨ ਲੋਕਾਂ ਵੱਲੋਂ ਕੀਤੀ ਗਈ ਸਹਾਇਤਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,’ਮੈਂ ਤੁਹਾਨੂੰ ਸਾਰਿਆਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰਾਰਥਨਾ ਕਰਦਾ ਹਾਂ ਤੇ ਸਾਨੂੰ ਪੂਰਾ ਖਿਆਲ ਵੀ ਰੱਖਣਾ ਪਵੇਗਾ। ‘ਦਵਾਈ ਭੀ, ਕੜਾਈ ਭੀ’, ਟੀਕਾਕਰਨ ਕਰਵਾਓ ਅਤੇ ਸਾਰੀਆਂ ਸਾਵਧਾਨੀਆਂ ਵੀ ਰੱਖੋ। ਕਦੇ ਵੀ ਇਸ ਮੰਤਰ ਨੂੰ ਨਾ ਭੁੱਲੋ। ਅਸੀਂ ਇਸ ਸੰਕਟ ‘ਤੇ ਜਲਦੀ ਹੀ ਜਿੱਤ ਪ੍ਰਾਪਤ ਕਰ ਲਵਾਂਗੇ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਅੱਜ ਕਰੋਨਵਾਇਰਸ ਲਾਗ ਦੇ 3,49,691 ਕੇਸ ਰਿਕਾਰਡ ਕੀਤੇ ਗਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 1,69,60,172 ਹੋ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ 26 ਲੱਖ ਦੀ ਗਿਣਤੀ ਪਾਰ ਕਰ ਗਈ ਹੈ। -ਪੀਟੀਆਈ
ਸਰਕਾਰੀ ਹਸਪਤਾਲਾਂ ਵਿੱਚ ਸਥਾਪਤ ਹੋਣਗੇ 551 ਆਕਸੀਜਨ ਪਲਾਂਟ
ਨਵੀਂ ਦਿੱਲੀ: ਕੋਵਿਡ- 19 ਦੇ ਕੇਸਾਂ ਵਿੱਚ ਵਾਧੇ ਨਾਲ ਜੂਝ ਰਹੇ ਕਈ ਸੂਬਿਆਂ ਵਿੱਚ ਆਕਸੀਜਨ ਦੀ ਕਮੀ ਦਰਮਿਆਨ ਮੁਲਕ ਭਰ ਦੇ ਜਨਤਕ ਸਿਹਤ ਕੇਂਦਰਾਂ ਵਿੱਚ ਆਕਸੀਜਨ ਦੀ ਉਪਲਬਧਤਾ ਯਕੀਨੀ ਬਣਾਉਣ ਲਈ 551 ਮੈਡੀਕਲ ਆਕਸੀਜਨ ਜੈਨਰੇਸ਼ਨ ਪਲਾਂਟ (ਪ੍ਰੈਸ਼ਰ ਸਵਿੰਗ ਐਡਸ਼ਾਰਪਸ਼ਨ) ਭਾਵ ਪੀਐੱਸਏ ਸਥਾਪਤ ਕੀਤੇ ਜਾਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਪੀਐੱਮ ਕੇਅਰਜ਼ ਫੰਡ ਨੇ ਇਨ੍ਹਾਂ ਪਲਾਂਟਾਂ ਦੀ ਸਥਾਪਤੀ ਲਈ ਫੰਡਾਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਜਲਦੀ ਤੋਂ ਜਲਦੀ ਇਨ੍ਹਾਂ ਪਲਾਂਟਾਂ ਨੂੰ ਚਲਾਉਣ ਸਬੰਧੀ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਂਟਾਂ ਨਾਲ ਜ਼ਿਲ੍ਹਾ ਪੱਧਰ ‘ਤੇ ਆਕਸੀਜਨ ਸਪਲਾਈ ਮੁਹੱਈਆ ਕਰਵਾਉਣ ‘ਚ ਕਾਫ਼ੀ ਮਦਦ ਮਿਲੇਗੀ। ਇਹ ਪਲਾਂਟ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੋਣਵੇਂ ਜ਼ਿਲ੍ਹਾ ਹੈੱਡਕੁਆਰਟਰਾਂ ‘ਚ ਸਰਕਾਰੀ ਹਸਪਤਾਲਾਂ ਵਿੱਚ ਸਥਾਪਤ ਕੀਤੇ ਜਾਣਗੇ ਤੇ ਇਨ੍ਹਾਂ ‘ਚ ਉਤਪਾਦਨ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੀਤਾ ਜਾਵੇਗਾ। ਪੀਐੱਮਓ ਨੇ ਕਿਹਾ ਕਿ ਜ਼ਿਲ੍ਹਾ ਹੈੱਡਕੁਆਰਟਰਾਂ ‘ਚ ਸਰਕਾਰੀ ਹਸਪਤਾਲਾਂ ‘ਚ ਪੀਐੱਸਏ ਆਕਸੀਜਨ ਪਲਾਂਟ ਸਥਾਪਤ ਕਰਨ ਦਾ ਉਦੇਸ਼ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਤੇ ਇਹ ਯਕੀਨੀ ਬਣਾਉਣਾ ਹੈ ਕਿ ਇਨ੍ਹਾਂ ‘ਚੋਂ ਹਰੇਕ ਹਸਪਤਾਲ ‘ਚ ਆਕਸੀਜਨ ਪੈਦਾ ਕਰਨ ਦੀ ਸਹੂਲਤ ਮੌਜੂਦ ਰਹੇ।
ਭਾਰਤ ਇਸ ਸਮੇਂ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਜਿਸ ਦੌਰਾਨ ਪਿਛਲੇ ਕੁਝ ਦਿਨਾਂ ਵਿੱਚ ਰੋਜ਼ਾਨਾ ਤਿੰਨ ਲੱਖ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ ਤੇ ਇਸ ਦੌਰਾਨ ਕਈ ਸੂਬਿਆਂ ਦੇ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਤੇ ਬੈੱਡਾਂ ਦੀ ਕਮੀ ਵੇਖਣ ਨੂੰ ਮਿਲ ਰਹੀ ਹੈ। ਕੌਮੀ ਰਾਜਧਾਨੀ ਦਿੱਲੀ ਵਿੱਚ ਕਈ ਹਸਪਤਾਲ ਆਕਸੀਜਨ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ ਜਦਕਿ ਕੁਝ ਹਸਪਤਾਲਾਂ ਨੇ ਹਾਲ ਦੀ ਘੜੀ ਲਈ ਪ੍ਰਬੰਧ ਕੀਤੇ ਹਨ। ਮੌਜੂਦਾ ਸਮੇਂ ਇਸ ਸੰਕਟ ਦਾ ਕੋਈ ਤੁਰੰਤ ਹੱਲ ਵਿਖਾਈ ਨਹੀਂ ਦੇ ਰਿਹਾ। -ਪੀਟੀਆਈ