ਸਿੰਗਾਪੁਰ, 26 ਅਪਰੈਲ
ਸਿੰਗਾਪੁਰ ਦੇ ਇੱਕ ਸੀਨੀਅਰ ਮੰਤਰੀ ਨੇ ਕਿਹਾ ਕਿ ਭਾਰਤ ਦੀ ਹਾਲ ਹੀ ‘ਚ ਯਾਤਰਾ ਕਰ ਚੁੱਕੇ ਲੋਕਾਂ ‘ਤੇ ਪਾਬੰਦੀ ਕਿਸੇ ਖਾਸ ਦੇਸ਼ ਦੇ ਨਾਗਰਿਕਾਂ ਦੇ ਸੰਦਰਭ ‘ਚ ਨਹੀਂ ਹੈ ਬਲਕਿ ਇਹ ਕੋਵਿਡ-19 ਲਾਗ ਦੇ ਜ਼ਿਆਦਾ ਕੇਸਾਂ ਕਾਰਨ ਪੈਦਾ ਹੋਈ ਚੁਣੌਤੀ ਦੇ ਹੱਲ ਲਈ ਹੈ। ਪਿਛਲੇ 14 ਦਿਨਾਂ ‘ਚ ਭਾਰਤ ਦੀ ਯਾਤਰਾ ਕਰ ਚੁੱਕੇ ਲੋਕਾਂ ‘ਤੇ 23 ਅਪਰੈਲ ਨੂੰ ਸਿੰਗਾਪੁਰ ਆਉਣ ‘ਤੇ ਪਾਬੰਦੀ ਲਗਾਈ ਗਈ ਹੈ। ਕੋਵਿਡ-19 ਖ਼ਿਲਾਫ਼ ਵਧੇਰੇ ਚੌਕਸੀ ਵਰਤਦਿਆਂ ਸਿੰਗਾਪੁਰ ਨੇ ਇਹ ਕਦਮ ਚੁੱਕੇ ਹਨ। ਆਵਾਜਾਈ ਮੰਤਰੀ ਆਂਗ ਯੇ ਕੁੰਗ ਨੇ ਕਿਹਾ ਕਿ ਭਾਰਤ ਤੋਂ ਬਾਅਦ ਕੁਝ ਦਿਨ ਦੂਜੇ ਮੁਲਕਾਂ ‘ਚ ਰਹਿ ਕੇ ਫਿਰ ਸਿੰਗਾਪੁਰ ਆਉਣ ਵਾਲੇ ਲੋਕਾਂ ਤੋਂ ਓਨਾ ਖਤਰਾ ਨਹੀਂ ਹੈ ਜਿੰਨਾ ਖਤਰਾ ਭਾਰਤ ਤੋਂ ਸਿੱਧੇ ਆਉਣ ਵਾਲੇ ਲੋਕਾਂ ਤੋਂ ਹੈ। ਪਾਬੰਦੀ ਤੋਂ ਬਚਣ ਲਈ ਦੂਜੇ ਮੁਲਕਾਂ ਤੋਂ ਹੋ ਕੇ ਸਿੰਗਾਪੁਰ ਆਉਣ ਵਾਲੇ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਹੋਰਨਾਂ ਮੁਲਕਾਂ ਤੋਂ ਸਿੰਗਾਪੁਰ ਆਉਣ ਵਾਲਿਆਂ ਨੂੰ ਬਾਹਰ 14 ਦਿਨ ਗੁਜ਼ਾਰਨੇ ਪੈਣਗੇ। ਇਸ ਤੋਂ ਬਾਅਦ ਹੀ ਉਹ ਸਿੰਗਾਪੁਰ ਆ ਸਕਣਗੇ। -ਪੀਟੀਆਈ