ਪਾਲ ਸਿੰਘ ਨੌਲੀ
ਜਲੰਧਰ, 27 ਅਪਰੈਲ
ਇਲਾਕੇ ਦੀਆਂ ਸਮੁੱਚੀਆਂ ਸਿਹਤ ਸੰਭਾਲ ਸੰਸਥਾਵਾਂ ਵਿਚ ਆਕਸੀਜਨ ਗੈਸ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਦੋ ਆਡਿਟ ਟੀਮਾਂ ਦਾ ਗਠਨ ਕੀਤਾ, ਜੋ ਪ੍ਰਾਈਵੇਟ ਹਸਪਤਾਲਾਂ ਵਿਚ ਆਕਸੀਜਨ ਦੀ ਖਪਤ ਦੀ ਨਿਗਰਾਨੀ ਕਰਨਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲਾਂ ਆਡਿਟ ਟੀਮਾਂ ਦਾ ਗਠਨ ਸਿਵਲ ਹਸਪਤਾਲ ਲਈ ਕੀਤਾ ਗਿਆ ਸੀ ਜਿਨ੍ਹਾਂ ਨੇ ਆਕਸੀਜਨ ਦੀ ਖਪਤ ਦੇ ਸਮੁੱਚੇ ਪਹਿਲੂਆਂ ਦੀ ਪੂਰੀ ਤਰ੍ਹਾਂ ਪੜਤਾਲ ਕਰਨ ਤੋਂ ਬਾਅਦ ਇਸ ਜੀਵਨ ਰੱਖਿਅਕ ਗੈਸ ਦੀ ਸੁਚੱਜੀ ਵਰਤੋਂ ਦੇ ਟੀਚੇ ਨੂੰ ਹਾਸਲ ਕੀਤਾ। ਹੁਣ ਸਮੁੱਚੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਕਸੀਜਨ ਦਾ ਆਡਿਟ ਕਰਵਾਉਣ ਲਈ ਦੋ ਹੋਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪਹਿਲੀ ਟੀਮ ਵਿੱਚ ਐੱਸਐੱਮਓ (ਬੁੰਡਾਲਾ) ਡਾ. ਅਸ਼ੋਕ ਕੌਲ, ਐੱਸਐੱਮਓ (ਤਲਵੰਡੀ ਸੰਘੇੜਾ) ਡਾ. ਗੁਰਪ੍ਰੀਤ ਸਿੰਘ, ਈਟੀਓ ਨੀਰਜ ਕੁਮਾਰ ਜਦਕਿ ਦੂਜੀ ਟੀਮ ਵਿੱਚ ਐੱਸਐੱਮਓ (ਕਰਤਾਰਪੁਰ) ਡਾ. ਕੁਲਦੀਪ, ਐੱਸਐੱਮਓ (ਭੋਗਪੁਰ) ਡਾ. ਪਰਮਿੰਦਰ ਅਤੇ ਈਟੀਓ ਹਰਜੋਤ ਸਿੰਘ ਬੇਦੀ ਨੂੰ ਸ਼ਾਮਲ ਕੀਤਾ ਗਿਆ ਹੈ।
ਬਾਕਸ- ਉਦਯੋਗਿਕ ਅਦਾਰਿਆਂ ਨੂੰ ਆਕਸੀਜਨ ਦੀ ਸਪਲਾਈ ਬੰਦ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਹ ਦੋਵੇਂ ਟੀਮਾਂ ਆਕਸੀਜਨ ਦੀ ਵਰਤੋਂ ਦੀ ਰਾਸ਼ਨਿੰਗ ਸਮੇਤ ਇਨ੍ਹਾਂ ਹਸਪਤਾਲਾਂ ਵਿੱਚ ਆਕਸੀਜਨ ਗੈਸ ਦੀ ਮੰਗ ਅਤੇ ਖਪਤ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨਗੀਆਂ। ਉਨ੍ਹਾਂ ਕਿਹਾ ਕਿ ਟੀਮ ਦੇ ਮੈਂਬਰਾਂ ਨੂੰ ਕੋਵਿਡ ਕੇਅਰ ਸਹੂਲਤਾਂ ਵਿੱਚ ਮੰਗ, ਸਪਲਾਈ ਅਤੇ ਖਪਤ ਬਾਰੇ ਆਡਿਟ ਦੀ ਰੋਜ਼ਾਨਾ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਗੈਰ-ਡਾਕਟਰੀ ਸੰਸਥਾਵਾਂ ਨੂੰ ਆਕਸੀਜਨ ਸਪਲਾਈ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ ਅਤੇ ਪੁਲੀਸ ਅਧਿਕਾਰੀਆਂ ਨੂੰ ਆਕਸੀਜਨ ਗੈਸ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੌਗ ਹੈ ਕਿ ਦੇਸ਼ ਵਿੱਚ ਕਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਤੇ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਨੂੰੂ ਜੀਵਨ ਰੱਖਿਅਕ ਆਕਸੀਜਨ ਗੈਸ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਕੇਂਦਰ ਸਰਕਾਰ ਨੇ ਆਕਸੀਜਨ ਦੀ ਕਮੀ ਨਾਲ ਜੂਝਣ ਲਈ ਕਮਰ ਕੱਸ ਲਈ ਹੈ ਤੇ ਆਕਸੀਜਨ ਦੀ ਸਪਲਾਈshy; ਯਕੀਨੀ ਬਣਾਉਣ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ।
ਰੈਮਡੇਸਿਵਿਰ ਦੀ ਸਪਲਾਈ ‘ਤੇ ਨਜ਼ਰ ਰੱਖਣ ਲਈ ਨੋਡਲ ਅਫਸਰ ਨਿਯੁਕਤ
ਕਰੋਨਾ ਦੀ ਲਾਗ ਰੋਕਣ ਦੇ ਇਲਾਜ ਲਈ ਵਰਤੇ ਜਾਣ ਵਾਲੇ ਟੀਕਿਆਂ ਰੈਮਡੇਸਿਵਿਰ ਦੀ ਸਪਲਾਈ ਅਤੇ ਜਮ੍ਹਾਂਖੋਰੀ ‘ਤੇ ਨਜ਼ਰਾਂ ਰੱਖਣ ਲਈ ਲਖਵੰਤ ਸਿੰਘ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ‘ਤੇ ਜ਼ੋਨਲ ਲਾਇਸੰਸਿੰਗ ਅਥਾਰਟੀ ਲਖਵੰਤ ਸਿੰਘ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਉਹ ਰੈਮਡੇਸਿਵਿਰ ਟੀਕਿਆਂ ਦੀ ਹੋ ਰਹੀ ਕਾਲਾਬਜ਼ਾਰੀ ‘ਤੇ ਵੀ ਨਜ਼ਰਾਂ ਰੱਖਣਗੇ। ਬੀਤੇ ਦਿਨੀ ਵੀ ਰੈਮਡੇਸਿਵਿਰ ਟੀਕਿਆਂ ਨੂੰ ਬਲੈਕ ਵਿੱਚ ਮਹਿੰਗੇ ਰੇਟਾਂ ‘ਤੇ ਵੇਚੇ ਜਾਣ ਵਿਰੁੱਧ ਇੱਕ ਡਾਕਟਰ ਤੇ ਉਸ ਦੇ ਇੱਕ ਸਹਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਵੱਲੋਂ ਤਿੰਨ ਅਧਿਕਾਰੀਆਂ ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਹਰਮਿੰਦਰ ਸਿੰਘ ਅਤੇ ਸੂਰਜ ਕਲੇਰ ਨੂੰ ਵੀ ਨੋਡਲ ਅਫਸਰ ਨਾਲ ਤਾਲਮੇਲ ਕਰਨ ਅਤੇ ਜਮ੍ਹਾਂਖੋਰੀ, ਕਾਲਾਬਾਜ਼ਾਰੀ ਦੇ ਮਾਮਲੇ ਵਿਚ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਨਿਯੁਕਤ ਕੀਤਾ ਗਿਆ ਹੈ। ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਪ੍ਰਸ਼ਾਸਨ ਵੱਲੋਂ ਸਰਬਉੱਤਮ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡੀਸੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਅਤੇ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵਾਇਰਸ ਤੋਂ ਬਚਣ ਲਈ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਵੀ ਕੀਤੀ।
ਪ੍ਰਾਈਵੇਟ ਹਸਪਤਾਲ ਆਕਸੀਜਨ ਸਪਲਾਈ ਤੋਂ ਵਿਹੂਣੇ
ਤਰਨ ਤਾਰਨ (ਗੁਰਬਖ਼ਸ਼ਪੁਰੀ): ਤਰਨ ਤਾਰਨ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਬੀਤੇ ਇਕ ਹਫਤੇ ਤੋਂ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਸਥਿਤੀ ਗੰਭੀਰ ਬਣੀ ਹੋਈ ਹੈ| ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੀ ਜ਼ਿਲ੍ਹਾ ਪ੍ਰਧਾਨ ਡਾ. ਹਰੀਪਾਲ ਕੌਰ ਧਾਲੀਵਾਲ ਅਤੇ ਜਨਰਲ ਸਕੱਤਰ ਡਾ. ਦਿਨੇਸ਼ ਗੁਪਤਾ ਦੀ ਅਗਵਾਈ ਵਿੱਚ ਜਥੇਬੰਦੀ ਦੇ ਵਫਦ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਆਕਸੀਜਨ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ| ਜ਼ਿਲ੍ਹੇ ਲਈ ਆਕਸੀਜਨ ਸਪਲਾਇਰ ਹੰਸਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਪਲਾਈ ਦਿੰਦੀ ਅੰਮ੍ਰਿਤਸਰ ਦੀ ਏਜੰਸੀ ਦੇ ਮਾਲਕਾਂ ਨੇ ਪੂਰੇ ਇਕ ਹਫਤੇ ਤੋਂ ਟਾਲਮਟੋਲ ਕਰਨ ਉਪਰੰਤ ਆਕਸੀਜਨ ਦੇਣ ਤੋਂ ਇਨਕਾਰ ਕਰਦਿਆਂ ਅੱਜ ਖਾਲੀ ਸਿਲੰਡਰ ਵਾਪਸ ਕਰ ਦਿੱਤੇ। ਇਸ ਤਰ੍ਹਾਂ ਆਕਸੀਜਨ ਸਪਲਾਈ ਦੀ ਕੋਈ ਉਮੀਦ ਬਾਕੀ ਨਹੀਂ ਰਹੀ| ਆਈਐੱਮਏ ਨਾਲ ਸਬੰਧਤ ਡਾਕਟਰਾਂ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਪ੍ਰਾਈਵੇਟ ਹਸਪਤਾਲਾਂ ਲਈ ਜਣੇਪਾ, ਅਪਰੇਸ਼ਨ ਆਦਿ ਦੇ ਕੇਸਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਰੋਨਾ ਕਾਰਨ ਅੰਮ੍ਰਿਤਸਰ ‘ਚ 17 ਵਿਅਕਤੀਆਂ ਦੀ ਮੌਤ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾਵਾਇਰਸ ਕਾਰਨ ਅੱਜ ਇੱਥੇ 17 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ 431 ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ 65 ਸਾਲਾਂ ਦੇ ਇੰਦਰਜੀਤ ਸਿੰਘ, 49 ਸਾਲਾਂ ਦੀ ਰੰਜਨਾ, 69 ਸਾਲਾਂ ਦੇ ਰਾਜਿੰਦਰ ਕੁਮਾਰ ਗੌਤਮ, 74 ਸਾਲਾਂ ਦੇ ਅਜੀਤ ਸਿੰਘ, 61 ਸਾਲਾਂ ਦੇ ਜਸਵਿੰਦਰ ਸਿੰਘ, 35 ਸਾਲਾਂ ਦੇ ਸਾਗਰ, 66 ਸਾਲਾਂ ਦੇ ਇੰਦਰਜੀਤ ਸਿੰਘ, 53 ਸਾਲਾਂ ਦੇ ਸਤਪਾਲ, 58 ਸਾਲਾਂ ਦੇ ਮਨਮੋਹਨ ਸਿੰਘ, 32 ਸਾਲਾਂ ਦੇ ਕੁਲਦੀਪ ਸਿੰਘ, 64 ਸਾਲਾਂ ਦੇ ਜੋਗਿੰਦਰ ਸਿੰਘ ਚਾਵਲਾ, 80 ਸਾਲਾਂ ਦੀ ਹਰਭਜਨ ਕੌਰ, 42 ਸਾਲਾਂ ਦੀ ਪੂਨਮ, 72 ਸਾਲਾਂ ਦੀ ਪੁਸ਼ਪਾ ਰਾਣੀ, 91 ਸਾਲਾਂ ਦੇ ਪਦਮ ਲਾਲ, 74 ਸਾਲਾਂ ਦੇ ਰਮੇਸ਼ ਜੈਨ ਅਤੇ 66 ਸਾਲਾਂ ਦੇ ਅਵਤਾਰ ਸਿੰਘ ਦੀ ਮੌਤ ਹੋਈ ਹੈ। ਕਰੋਨਾ ਕਾਰਨ ਜ਼ਿਲ੍ਹੇ ਵਿੱਚ ਹੁਣ ਤਕ 913 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਇਸ ਵੇਲੇ 5152 ਕਰੋਨਾ ਦੇ ਐਕਟਿਵ ਕੇਸ ਹਨ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹੁਸ਼ਿਆਰਪੁਰ ‘ਚ ਅੱਜ 153 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦੋਂਕਿ 7 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 18157 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 711 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 1633 ਕੇਸ ਐਕਟਿਵ ਹਨ ਅਤੇ 17285 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਜਾ ਚੁੱਕੇ ਹਨ।
ਫਗਵਾੜਾ (ਜਸਬੀਰ ਸਿੰਘ ਚਾਨਾ): ਸ਼ਹਿਰ ‘ਚ ਅੱਜ ਕਰੋਨਾ ਦੇ 71 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਐਸਐਮਓ ਡਾ. ਕਮਲ ਕਿਸ਼ੋਰ ਤੇ ਡਾ. ਨਰੇਸ਼ ਕੁੰਦਰਾ ਨੇ ਕਰਦਿਆਂ ਦੱਸਿਆ ਕਿ ਵਿਭਾਗ ਵਲੋਂ ਪਾਜ਼ੇਟਿਵ ਆਏ ਵਿਅਕਤੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਸੰਪਰਕ ‘ਚ ਆਏ ਵਿਅਕਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਨੂੰ ਲੈ ਕੇ ਅੱਜ ਫਗਵਾੜਾ ਸ਼ਹਿਰ 5 ਵਜੇ ਤੋਂ ਹੀ ਬੰਦ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਪਹਿਲਾਂ ਸਰਕਾਰ ਵੱਲੋਂ 6 ਵਜੇ ਕਾਰੋਬਾਰੀ ਅਦਾਰੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ। ਸ਼ਾਮ ਸਮੇਂ ਸ਼ਹਿਰ ‘ਚ ਪੂਰੀ ਤਰ੍ਹਾਂ ਸੁੰਨਾਟਾ ਛਾਇਆ ਨਜ਼ਰ ਆਇਆ ਤੇ ਸੜਕਾਂ ਵੀ ਖਾਲੀ ਨਜ਼ਰ ਆਈਆਂ।