ਡੀਪੀਐੱਸ ਬੱਤਰਾ
ਸਮਰਾਲਾ, 29 ਅਪਰੈਲ
ਪਿੰਡ ਚਹਿਲਾਂ ਵਿੱਚ 14 ਸਾਲ ਦੀ ਮਤਰੇਈ ਧੀ ਨਾਲ ਕਥਿਤ ਜਬਰ-ਜਨਾਹ ਕਰਨ ਵਾਲੇ ਵਿਅਕਤੀ ਦੀ ਅੱਜ ਤੜਕੇ ਕਰੀਬ 4 ਵਜੇ ਦੇਸੀ ਪਿਸਤੌਲ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਹ ਮੌਤ ਕਿਵੇਂ ਹੋਈ, ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। ਮੌਕੇ ‘ਤੇ ਪਹੁੰਚੀ ਪੁਲਸ ਪੂਰੇ ਮਾਮਲੇ ਦੀ ਪੜਤਾਲ ਵਿੱਚ ਜੁੱਟੀ ਹੋਈ ਹੈ। ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਹੈ ਕਿਉਂਕਿ ਮ੍ਰਿਤਕ ਦੀ ਪਤਨੀ ਵੱਲੋਂ 4 ਘੰਟੇ ਬਾਅਦ ਇਸ ਘਟਨਾ ਬਾਰੇ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਗਈ ਅਤੇ ਪਿੰਡ ਵਿੱਚ ਕਿਸੇ ਨੂੰ ਵੀ ਇਸ ਘਟਨਾ ਬਾਰੇ ਪਤਾ ਨਹੀਂ ਚੱਲਿਆ। ਕਰੀਬ ਸਾਲ ਪਹਿਲਾ ਇਸੇ ਔਰਤ ਨੇ ਆਪਣੇ ਪਤੀ ਜਤਿੰਦਰ ਸਿੰਘ ਹੈ, ਜਿਸ ਨਾਲ ਉਸ ਦਾ ਦੂਜਾ ਵਿਆਹ ਸੀ, ‘ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਆਪਣੀ ਮਤਰੇਈ ਨਾਬਾਲਗ ਧੀ ਨਾਲ ਜਬਰਦਸਤੀ ਕੀਤੀ ਹੈ। ਇਸ ਤੋਂ ਬਾਅਦ ਇਸ ਵਿਅਕਤੀ ਨੂੰ ਸਮਰਾਲਾ ਪੁਲੀਸ ਨੇ ਕੇਸ ਦਰਜ ਕਰਦੇ ਹੋਏ ਲੁਧਿਆਣਾ ਜੇਲ੍ਹ ਭੇਜ ਦਿੱਤਾ ਸੀ। ਜਤਿੰਦਰ ਸਿੰਘ ਪਿਛਲੇ ਮਹੀਨੇ ਹੀ ਜ਼ਮਾਨਤ ‘ਤੇ ਜੇਲ੍ਹ ‘ਚੋਂ ਬਾਹਰ ਆ ਗਿਆ ਸੀ ਅਤੇ ਆਪਣੇ ‘ਤੇ ਇਲਜ਼ਾਮ ਲਾਉਣ ਵਾਲੀ ਪਤਨੀ ਅਤੇ ਉਸ ਦੀ ਧੀ ਨਾਲ ਮੁੜ ਘਰ ਵਿੱਚ ਰਹਿਣ ਲੱਗਿਆ। ਥਾਣਾ ਸਮਰਾਲਾ ਦੇ ਐੱਸਐੱਚਓ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਅਤੇ ਪਿਸਤੌਲ ਕਬਜ਼ੇ ਵਿੱਚ ਲੈ ਲਏ ਹਨ।