ਮਜੀਠੀਆ ਨੇ ਵਨਿੰਦਰ ਕੌਰ ਲੂੰਬਾ ਨੂੰ ਚੋਣ ਲੜਨ ਲਈ ਮਨਾਇਆ

ਮਜੀਠੀਆ ਨੇ ਵਨਿੰਦਰ ਕੌਰ ਲੂੰਬਾ ਨੂੰ ਚੋਣ ਲੜਨ ਲਈ ਮਨਾਇਆ
ਮਜੀਠੀਆ ਨੇ ਵਨਿੰਦਰ ਕੌਰ ਲੂੰਬਾ ਨੂੰ ਚੋਣ ਲੜਨ ਲਈ ਮਨਾਇਆ


ਰਵੇਲ ਸਿੰਘ ਭਿੰਡਰ/ਗੁਰਨਾਮ ਸਿੰਘ ਚੌਹਾਨ

ਪਟਿਆਲਾ/ਸ਼ੁਤਰਾਣਾ, 29 ਅਪਰੈਲ

ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ‘ਰਿਜ਼ਰਵ’ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਚੋਣ ਲੜਣ ਲਈ ਬੀਬੀ ਵਨਿੰਦਰ ਕੌਰ ਲੂੰਬਾ ਆਖ਼ਿਰ ਰਾਜ਼ੀ ਹੋ ਗਏ ਹਨ। ਅੱਜ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਉਚੇਚੇ ਤੌਰ ‘ਤੇ ਬੀਬੀ ਲੂੰਬਾ ਨੂੰ ਮਨਾਉਣ ਲਈ ਉਨ੍ਹਾਂ ਦੇ ਮੁਹਾਲੀ ਸਥਿਤ ਘਰ ਪੁੱਜੇ ਸਨ। ਦੱਸਣਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਉਨ੍ਹਾਂ ਸ਼ੁਤਰਾਣਾ ਹਲਕੇ ਤੋਂ ਦੁਬਾਰਾ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸ ਸਬੰਧੀ ਬਕਾਇਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣੂੰ ਕਰਵਾ ਦਿੱਤਾ ਗਿਆ ਸੀ।

ਅੱਜ ਬਿਕਰਮ ਸਿੰਘ ਮਜੀਠੀਆ ਨੇ ਲੂੰਬਾ ਪਰਿਵਾਰ ਨਾਲ ਅਹਿਮ ਬੈਠਕ ਕੀਤੀ, ਜਿਸ ਦੌਰਾਨ ਬੀਬੀ ਲੂੰਬਾ ਨੇ ਹਲਕਾ ਸ਼ੁਤਰਾਣਾ ਦੀ ਮੁੜ ਬਤੌਰ ਹਲਕਾ ਇੰਚਾਰਜ ਵਾਂਗਡੋਰ ਸੰਭਾਲਣ ਦੀ ਸਹਿਮਤੀ ਦੇ ਦਿੱਤੀ ਹੈ। ਉਹ ਇਸ ਗੱਲੋਂ ਵੀ ਰਾਜ਼ੀ ਹੋ ਗਏ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਚੋਣ ਪਿੜ ਮੱਲ ਲੈਣਗੇ। ਬੀਬੀ ਲੂੰਬਾ ਨੇ ਗੱਲਬਾਤ ਕਰਦਿਆਂ ਮੰਨਿਆ ਕਿ ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਹਲਕਾ ਸ਼ੁਤਰਾਣਾ ਦੇ ਆਗੂਆਂ ਨੂੰ ਘਰ ਪੁੱਜਣ ‘ਤੇ ਅੱਜ ਪੂਰਨ ਯਕੀਨ ਦਿਵਾਇਆ ਹੈ ਕਿ ਉਹ ਚੋਣ ਪਿੜ ਤੋਂ ਪਿੱਛੇ ਨਹੀਂ ਹਟਣਗੇ ਅਤੇ ਪਹਿਲਾਂ ਦੀ ਤਰ੍ਹਾਂ ਹੀ ਪਾਰਟੀ ਗਤੀਵਿਧੀਆਂ ‘ਚ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਬੀਬੀ ਲੂੰਬਾ 2012 ਦੌਰਾਨ ਸ਼ੁਤਰਾਣਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ, ਪਰ 2017 ਦੀ ਚੋਣ ਹਾਰ ਗਏ ਸਨ।

ਉਧਰ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਸਮੇਤ ਹਲਕਾ ਸ਼ੁਤਰਾਣਾ ਤੋਂ ਅੱਧੀ ਦਰਜਨ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਨੇ ਬੀਬੀ ਲੂੰਬਾ ਦੇ ਘਰ ਫੇਰੀ ਪਾਉਣ ਮਗਰੋਂ ਬਾਅਦ ਦੁਪਹਿਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਮੀਟਿੰਗ ਕੀਤੀ।Source link