ਪੰਜਾਬ ਕੋਲ ਵੈਕਸੀਨ ਦੀ ਘਾਟ ਕਾਰਨ 18 ਸਾਲ ਤੋਂ ਉਪਰ ਵਾਲਿਆਂ ਨੂੰ ਫਿਲਹਾਲ ਨਹੀਂ ਲਗਾਏ ਜਾਣਗੇ ਕਰੋਨਾ ਰੋਕੂ ਟੀਕੇ, ਰਾਜ ’ਚ ਤਾਲਾਬੰਦੀ ਨਹੀਂ: ਕੈਪਟਨ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 30 ਅਪਰੈਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਵਿੱਚ ਕਰੋਨਾ ਕਾਰਨ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਕਰੋਨਾ ਵੈਕਸੀਨ ਦੀ ਤੋਟ ਕਾਰਨ ਪਹਿਲੀ ਮਈ ਤੋਂ 18 ਸਾਲ ਤੋਂ 45 ਸਾਲ ਤੱਕ ਦੀ ਉਮਰ ਵਾਲਿਆਂ ਲਈ ਟੀਕਾਕਰਨ ਦੀ ਮੁਹਿੰਮ ਨੂੰ ਟਾਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਰਾਜ ਵਿੱਚ ਤਾਲਾਬੰਦੀ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਨਾਲ ਲੜਨ ਲਈ ਤਾਲਾਬੰਦੀ ਕੋਈ ਹੱਲ ਨਹੀਂ ਹੈ। ਉਹ ਕਰੋਨਾ ਤੋਂ ਸਭ ਤੋਂ ਵੱਧ ਪੀੜਤ ਛੇ ਜ਼ਿਲ੍ਹਿਆਂ ਲੁਧਿਆਣਾ, ਮੁਹਾਲੀ, ਜਲੰਧਰ, ਬਠਿੰਡਾ, ਪਟਿਆਲਾ ਤੇ ਅੰਮ੍ਰਿਤਸਰ ਵਿੱਚ ਸਖ਼ਤੀ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਸਨਅਤਕਾਰਾਂ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਕਾਮਿਆਂ ਵਿੱਚ ਕਰੋਨਾ ਦੇ ਮਾੜੇ ਮੋਟੇ ਲੱਛਣ ਹਨ ਤਾਂ ਉਹ ਉਨ੍ਹਾਂ ਦਾ ਧਿਆਨ ਰੱਖਣ ਤੇ ਉਨ੍ਹਾਂ ਦੇ ਇਕਾਂਤਵਾਸ ਦਾ ਢੁਕਵੇਂ ਪ੍ਰਬੰਧ ਕਰਨ। ਇਸ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਖ਼ਿਲਾਫ਼ ਜੰਗ ਵਿੱਚ ਸੇਵਾਮੁਕਤ ਡਾਕਟਰਾਂ, ਨਰਸਾਂ ਤੇ ਐੱਮਬੀਬੀਐੱਸ ਦੇ ਆਖਰੀ ਸਾਲ ਦੇ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਣ। ਉਨ੍ਹਾਂ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਚਿਤਾਵਨੀ ਦਿੱਤੀ ਕਿ ਉਹ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ।



Source link