ਗੁਰਚਰਨ ਸਿੰਘ ਕਾਹਲੋਂ
ਸਿਡਨੀ, 30 ਅਪਰੈਲ
ਆਸਟਰੇਲੀਆ ਸਰਕਾਰ ਦੂਜੇ ਦੇਸ਼ਾਂ ਵਿਚ ਫਸੇ ਆਪਣੇ ਨਾਗਰਿਕਾਂ ਦਾ ਘਰ ਪਰਤਣਾ ਗ਼ੈਰਕਾਨੂੰਨੀ ਬਣਾ ਸਕਦੀ ਹੈ। ਫੈਡਰਲ ਸਰਕਾਰ ‘ਬਾਇਓਸਕਿਉਰਿਟੀ ਐਕਟ’ ਤਹਿਤ ਵਿਆਪਕ ਸ਼ਕਤੀਆਂ ਦੀ ਵਰਤੋਂ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਦਾ ਮਤਲਬ ਭਲਕੇ ਅੱਧੀ ਰਾਤ ਤੋਂ ਬਾਅਦ, ਕਿਸੇ ਵੀ ਵਿਅਕਤੀ ਲਈ ਆਸਟਰੇਲੀਆ ਵਾਪਸ ਆਉਣਾ ਇਕ ਗੁਨਾਹ ਹੋਵੇਗਾ ਜੇਕਰ ਉਹ 14 ਦਿਨ ਪਹਿਲਾਂ ਕਿਸੇ ਉੱਚ ਜੋਖ਼ਮ ਵਾਲੇ ਦੇਸ਼ ਵਿੱਚੋਂ ਹੁੰਦੇ ਹੋਏ ਆਪਣੇ ਮੁਲਕ ‘ਚ ਦਾਖਲ ਹੋਣਗੇ। ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਇੱਕ ਸੂਚੀਬੱਧ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜੋ ਵੀ ਜ਼ਰੂਰੀ ਹੈ, ਕੀਤਾ ਜਾ ਸਕਦਾ ਹੈ। ਵਾਪਸ ਪਰਤਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪੰਜ ਸਾਲ ਦੀ ਕੈਦ ਜਾਂ 66000 ਡਾਲਰ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।