ਯੋਰੋਸ਼ਲਮ: ਇਜ਼ਰਾਈਲ ਨੇ ਆਪਣੇ ਨਾਗਰਿਕਾਂ ਦੇ ਭਾਰਤ ਜਾਣ ਉਤੇ ਆਰਜ਼ੀ ਪਾਬੰਦੀ ਲਾ ਦਿੱਤੀ ਹੈ। ਛੇ ਹੋਰ ਮੁਲਕਾਂ ਦੀ ਯਾਤਰਾ ਕਰਨ ‘ਤੇ ਵੀ ਪਾਬੰਦੀ ਲਾਈ ਗਈ ਹੈ। ਇਸ ਲਈ ਕੋਵਿਡ ਦੇ ਵੱਧ ਰਹੇ ਕੇਸਾਂ ਦਾ ਹਵਾਲਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਤੇ ਸਿਹਤ ਮੰਤਰਾਲੇ ਵੱਲੋਂ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਜ਼ਰਾਇਲੀ ਨਾਗਰਿਕ ਯੂਕਰੇਨ, ਬ੍ਰਾਜ਼ੀਲ, ਇਥੋਪੀਆ, ਦੱਖਣੀ ਅਫ਼ਰੀਕਾ, ਭਾਰਤ, ਮੈਕਸੀਕੋ ਤੇ ਤੁਰਕੀ ਦੀ ਯਾਤਰਾ ਨਹੀਂ ਕਰ ਸਕਣਗੇ। ਇਹ ਹੁਕਮ 3 ਮਈ ਤੋਂ 16 ਮਈ ਤੱਕ ਲਾਗੂ ਰਹਿਣਗੇ। ਹਾਲਾਂਕਿ ਗ਼ੈਰ-ਇਜ਼ਰਾਇਲੀ ਨਾਗਰਿਕ ਇਨ੍ਹਾਂ ਮੁਲਕਾਂ ਵਿਚ ਜਾ ਸਕਦੇ ਹਨ, ਪਰ ਉਨ੍ਹਾਂ ਨੂੰ ਉੱਥੇ ਪੱਕੇ ਤੌਰ ‘ਤੇ ਰਹਿਣ ਦੀ ਯੋਜਨਾਬੰਦੀ ਕਰਨੀ ਪਵੇਗੀ। ਇਹ ਹੁਕਮ ਉਨ੍ਹਾਂ ਉਤੇ ਲਾਗੂ ਨਹੀਂ ਹੋਣਗੇ ਜਿਹੜੇ ਪਾਬੰਦੀ ਵਾਲੇ ਕਿਸੇ ਵੀ ਮੁਲਕ ਦੇ ਹਵਾਈ ਅੱਡਿਆਂ ਦੇ ਟਰਾਂਜ਼ਿਟ ਵਿਚ ਕਨੈਕਟਿੰਗ ਉਡਾਣ ਦੀ ਉਡੀਕ ਕਰਦਿਆਂ 12 ਘੰਟੇ ਤੱਕ ਬਿਤਾ ਚੁੱਕੇ ਹੋਣਗੇ। ਵਿਸ਼ੇਸ਼ ਕੇਸਾਂ ਲਈ ਸਰਕਾਰ ਨੇ ਕੁਝ ਨੁਮਾਇੰਦੇ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ। -ਪੀਟੀਆਈ