ਨਵੀਂ ਦਿੱਲੀ, 2 ਮਈ
ਦੇਸ਼ ‘ਚ ਇੱਕ ਦਿਨ ਅੰਦਰ ਕਰੋਨਾਵਾਇਰਸ ਦੇ ਰਿਕਾਰਡ 3689 ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 2,15,542 ਹੋ ਗਈ ਹੈ ਜਦਕਿ 3,92,488 ਹੋਰ ਲੋਕਾਂ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਲਾਗ ਕਾਰਨ ਬਿਮਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,95,57,457 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਇਸ ਸਮੇਂ ਕਰੋਨਾ ਦਾ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ 33 ਲੱਖ ਤੋਂ ਪਾਰ ਚਲੀ ਗਈ ਹੈ। ਲਗਾਤਾਰ ਤੇਜ਼ੀ ਨਾਲ ਵੱਧ ਰਹੇ ਕੇਸਾਂ ਵਿਚਾਲੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 33,49,644 ਹੋ ਗਈ ਹੈ ਜੋ ਕੁੱਲ ਕੇਸਾਂ ਦਾ 17.13 ਫੀਸਦ ਹੈ ਜਦਕਿ ਕੋਵਿਡ-19 ਤੋਂ ਉੱਭਰਨ ਵਾਲੇ ਮਰੀਜ਼ਾਂ ਦੀ ਕੌਮੀ ਦਰ ਹੇਠਾਂ ਜਾ ਕੇ 81.77 ਫੀਸਦ ਹੋ ਗਈ ਹੈ। ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ 1,59,92,271 ਹੋ ਗਈ ਹੈ ਜਦਕਿ ਇਸ ਨਾਲ ਮੌਤ ਦਰ ਵੀ ਘਟ ਕੇ 1.10 ਫੀਸਦ ਹੋ ਗਈ ਹੈ। -ਪੀਟੀਆਈ
ਦਸ ਹਜ਼ਾਰ ਬੈੱਡਾਂ ਵਾਲੇ ਆਰਜ਼ੀ ਹਸਪਤਾਲ ਤਿਆਰ ਕਰੇਗੀ ਸਰਕਾਰ
ਨਵੀਂ ਦਿੱਲੀ: ਦੇਸ਼ ‘ਚ ਆਕਸੀਜਨ ਦੀ ਸਪਲਾਈ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਆਕਸੀਜਨ ਉਤਪਾਦਨ ਕਰਨ ਵਾਲੀਆਂ ਸਨਅਤੀ ਇਕਾਈਆਂ ਨੇੜੇ ਆਰਜ਼ੀ ਹਸਪਤਾਲ ਬਣਾ ਕੇ ਘੱਟ ਸਮੇਂ ‘ਚ 10 ਹਜ਼ਾਰ ਆਕਸੀਜਨ ਵਾਲੇ ਬੈੱਡ ਮੁਹੱਈਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਜ ਕਈ ਮੀਟਿੰਗਾਂ ਕਰਕੇ ਦੇਸ਼ ‘ਚ ਕੋਵਿਡ-19 ਦੇ ਵਧਦੇ ਕੇਸਾਂ ਕਾਰਨ ਬਣੇ ਹਾਲਾਤ ਦੀ ਸਮੀਖਿਆ ਕੀਤੀ ਅਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨਾਈਟਰੋਜਨ ਪਲਾਂਟਾਂ ਨੂੰ ਆਕਸੀਜਨ ਪਲਾਂਟਾਂ ‘ਚ ਤਬਦੀਲ ਕਰਨ ਦੇ ਕੰਮ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਬਿਆਨ ‘ਚ ਕਿਹਾ ਗਿਆ, ‘ਅਜਿਹੀਆਂ ਵੱਖ ਵੱਖ ਸੰਭਾਵੀ ਸਨਅਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਨ੍ਹਾਂ ‘ਚ ਮੌਜੂਦਾ ਨਾਈਟਰੋਜਨ ਪਲਾਂਟਾਂ ਨੂੰ ਆਕਸੀਜਨ ਦੇ ਉਤਪਾਦਨ ਲਈ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਦੀ ਵਰਤੋਂ ਮੈਡੀਕਲ ਕੰਮਾਂ ਲਈ ਹੋ ਸਕਦੀ ਹੈ।’ -ਪੀਟੀਆਈ