ਨਵੀਂ ਦਿੱਲੀ, 3 ਮਈ
ਦਿੱਲੀ ਸਰਕਾਰ ਨੇ ਅੱਜ ਕੇਂਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੌਮੀ ਰਾਜਧਾਨੀ ਵਿੱਚ ਫੌਜ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲੰਘੇ ਦਿਨ ਲਿਖੇ ਪੱਤਰ ਵਿੱਚ ਸ਼ਹਿਰ ਵਿੱਚ ਕੋਵਿਡ ਫੈਸਿਲਟੀਜ਼ ਦੀ ਸਥਾਪਤੀ ਲਈ ਫੌਜ ਦੀਆਂ ਸੇਵਾਵਾਂ ਦਿੱਤੇ ਜਾਣ ਦੀ ਬੇਨਤੀ ਕੀਤੀ ਸੀ। ਸਿਸੋਦੀਆ ਨੇ ਕਿਹਾ ਸੀ ਕਿ ਕੇਂਦਰ ਸਰਕਾਰ 10000 ਨਾਨ ਆਈਸੀਯੂ ਬੈੱਡਾਂ ਤੇ 1000 ਆਈਸੀਯੂ ਬੈੱਡਾਂ ਦੀ ਸਹੂਲਤ ਵਾਲੇ ਸਿਹਤ ਸੰਭਾਲ ਢਾਂਚੇ ਦੀ ਉਸਾਰੀ ਲਈ ਹਥਿਆਰਬੰਦ ਬਲਾਂ ਦੀ ਤਾਇਨਾਤੀ ਕਰੇ। ਸਿਸੋਦੀਆ ਨੇ ਪੱਤਰ ਵਿੱਚ ਰੱਖਿਆ ਮੰਤਰਾਲੇ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਲਈ ਢੁੱਕਵੇਂ ਪ੍ਰਬੰਧਾਂ ਲਈ ਵੀ ਬੇਨਤੀ ਕੀਤੀ ਹੈ। –ਆਈਏਐੱਨਐੱਸ
ਕੇਂਦਰ ਸਰਕਾਰ ਦਿੱਲੀ ਸਰਕਾਰ ਦੀ ਅਪੀਲ ਦਾ ਜਵਾਬ ਦੇਵੇ: ਹਾਈ ਕੋਰਟ
ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਰੱਖਿਆ ਮੰਤਰੀ ਤੋਂ ‘ਆਮ ਆਦਮੀ ਪਾਰਟੀ ਦੀ ਉਪਰੋਕਤ ਅਪੀਲ ਬਾਰੇ ਲੋੜੀਂਦੀਆਂ ਹਦਾਇਤਾਂ ਪ੍ਰਾਪਤ ਕਰੇ। ਦਿੱਲੀ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਰਾਹੁਲ ਮਹਿਰਾ ਨੇ ਜਸਟਿਸ ਵਿਪਿਨ ਸਾਂਘੀ ਤੇ ਰੇਖਾ ਪੱਲੀ ਦੇ ਬੈਂਚ ਨੂੰ ਦੱਸਿਆ ਸੀ ਕਿ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੌਮੀ ਰਾਜਧਾਨੀ ਨੂੰ ਦਰਪੇਸ਼ ਸੰਕਟ ਦੇ ਮੱਦੇਨਜ਼ਰ ਕੋਵਿਡ-19 ਮਰੀਜ਼ਾਂ ਲਈ 10 ਹਜ਼ਾਰ ਬੈੱਡਾਂ ਵਾਲਾ ਹਸਪਤਾਲ ਬਣਾਉਣ ਲਈ ਹਥਿਆਰਬੰਦ ਫੌਜ ਦੀ ਤਾਇਨਾਤੀ ਕੀਤੀ ਜਾਵੇ। ਉਧਰ ਸਰਕਾਰ ਵੱਲੋੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਚੇਤਨ ਸ਼ਰਮਾ ਨੇ ਇਸ ਮੁੱਦੇ ‘ਤੇ ਸਰਕਾਰ ਦਾ ਪੱਖ ਰੱਖਣ ਲਈ ਸਮਾਂ ਮੰਗਿਆ ਹੈ। -ਪੀਟੀਆਈ