ਕੋਲਕਾਤਾ, 3 ਮਈ
ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਨੰਦੀਗ੍ਰਾਮ ਦੇ ਰਿਟਰਨਿੰਗ ਅਫ਼ਸਰ ਨੂੰ ਆਪਣੀ ਜਾਨ ਦਾ ਖ਼ਤਰਾ ਹੋਣ ਕਰਕੇ ਉਸ ਨੇ ਦੁਬਾਰਾ ਗਿਣਤੀ ਦੇ ਹੁਕਮ ਨਹੀਂ ਦਿੱਤੇ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੁਹਰਾਇਆ ਕਿ ਉਹ ਨੰਦੀਗ੍ਰਾਮ ਦੇ ਚੋਣ ਨਤੀਜੇ ਖ਼ਿਲਾਫ਼ ਅਦਾਲਤ ਦਾ ਰੁਖ ਕਰੇਗੀ ਜਿਥੋਂ ਭਾਜਪਾ ਦੇ ਸ਼ੁਵੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ ਹਰਾਇਆ ਹੈ। ਉਨ੍ਹਾਂ ਨੰਦੀਗ੍ਰਾਮ ਦੇ ਰਿਟਰਨਿੰਗ ਅਫ਼ਸਰ ਵੱਲੋਂ ਇਕ ਚੋਣ ਅਧਿਕਾਰੀ ਨੂੰ ਭੇਜਿਆ ਐੱਸਐੱਮਐੱਸ ਜਨਤਕ ਕੀਤਾ ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਅਧਿਕਾਰੀ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਜੇਕਰ ਉਸ ਨੇ ਦੁਬਾਰਾ ਗਿਣਤੀ ਦੇ ਹੁਕਮ ਦਿੱਤੇ ਤਾਂ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ ਅਤੇ ਉਸ ਨੂੰ ਖੁਦਕੁਸ਼ੀ ਤੱਕ ਕਰਨੀ ਪੈ ਸਕਦੀ ਹੈ। ਮਮਤਾ ਨੇ ਕਿਹਾ,”ਸਰਵਰ ਚਾਰ ਘੰਟਿਆਂ ਤੱਕ ਡਾਊਨ ਕਿਉਂ ਰਿਹਾ? ਅਸੀਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ ਪਰ ਇਕ ਹਲਕੇ ਦੇ ਨਤੀਜੇ ‘ਚ ਖਾਮੀਆਂ ਹਨ। ਜੋ ਦਿਖਾਈ ਦੇ ਰਿਹਾ ਹੈ, ਉਸ ਤੋਂ ਅਗਾਂਹ ਦੀ ਗੱਲ ਹੋ ਸਕਦੀ ਹੈ। ਸਾਨੂੰ ਸੱਚਾਈ ਪਤਾ ਲਗਾਉਣੀ ਪਵੇਗੀ।” ਸਮਰਥਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ: ਕੁਝ ਇਲਾਕਿਆਂ ‘ਚ ਹਿੰਸਾ ਦੀਆਂ ਰਿਪੋਰਟਾਂ ਮਗਰੋਂ ਉਨ੍ਹਾਂ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਅਤੇ ਕਿਸੇ ਤਰ੍ਹਾਂ ਦੀ ਭੜਕਾਹਟ ‘ਚ ਨਾ ਆਉਣ।
ਖੱਬੇ-ਪੱਖੀਆਂ ਨੇ ਭਾਜਪਾ ਦੀ ਸਹਾਇਤਾ ਕੀਤੀ: ਖੱਬੇ-ਪੱਖੀਆਂ ਨੂੰ ਇਕ ਵੀ ਸੀਟ ਨਾ ਮਿਲਣ ‘ਤੇ ਟੀਐੱਮਸੀ ਮੁਖੀ ਨੇ ਕਿਹਾ,”ਖੱਬੇ-ਪੱਖੀਆਂ ਨਾਲ ਮੇਰੇ ਸਿਆਸੀ ਮੱਤਭੇਦ ਹੋ ਸਕਦੇ ਹਨ ਪਰ ਮੈਂ ਇਹ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦਾ ਖਾਤਾ ਨਾ ਖੁੱਲ੍ਹੇ। ਇਹ ਵਧੀਆ ਰਹਿੰਦਾ ਜੇਕਰ ਉਹ ਭਾਜਪਾ ਦੇ ਵੋਟ ਹਾਸਲ ਕਰਦੇ। ਉਨ੍ਹਾਂ ਭਾਜਪਾ ਦੀ ਇੰਨੀ ਹਮਾਇਤ ਕੀਤੀ ਕਿ ਉਹ ਸਿਰਫ਼ ਨਾਮ ਦੇ ਰਹਿ ਗਏ ਹਨ। ਉਨ੍ਹਾਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ। ਦੀਪਾਂਕਰ ਭੱਟਾਚਾਰੀਆ (ਸੀਪੀਐੱਮ-ਐੱਲ) ਨੇ ਇਹ ਨਹੀਂ ਕੀਤਾ।” -ਪੀਟੀਆਈ
ਚੋਣ ਕਮਿਸ਼ਨ ਸਹਾਇਤਾ ਨਾ ਕਰਦਾ ਤਾਂ ਭਾਜਪਾ ਨੂੰ 50 ਸੀਟਾਂ ਵੀ ਨਾ ਮਿਲਦੀਆਂ
ਚੋਣ ਕਮਿਸ਼ਨ ‘ਤੇ ਵਰ੍ਹਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਸ ਨੇ ਸਹਾਇਤਾ ਨਾ ਕੀਤੀ ਹੁੰਦੀ ਤਾਂ ਭਾਜਪਾ ਨੂੰ 50 ਸੀਟਾਂ ਵੀ ਨਹੀਂ ਮਿਲਣੀਆਂ ਸਨ। ਉਨ੍ਹਾਂ ਦੁਬਾਰਾ ਮੰਗ ਕੀਤੀ ਕਿ ਮੁਲਕ ਦੇ ਹਰੇਕ ਨਾਗਰਿਕ ਨੂੰ ਕੇਂਦਰ ਮੁਫ਼ਤ ‘ਚ ਵੈਕਸੀਨ ਲਗਾਏ।
‘2024 ਦੀ ਜੰਗ ਵੀ ਰਲ ਕੇ ਲੜ ਸਕਦੇ ਹਾਂ’
ਮਮਤਾ ਨੇ ਕਿਹਾ,”ਮੈਂ ਜੁਝਾਰੂ ਹਾਂ। ਮੈਂ ਲੋਕਾਂ ਦਾ ਹੌਸਲਾ ਵਧਾ ਸਕਦੀ ਹੈ ਤਾਂ ਜੋ ਜੋ ਅਸੀਂ ਭਾਜਪਾ ਖ਼ਿਲਾਫ਼ ਡਟ ਕੇ ਲੜ ਸਕੀਏ। ਕੋਈ ਵੀ ਇਕੱਲਿਆਂ ਕੁਝ ਨਹੀਂ ਕਰ ਸਕਦਾ। ਇਹ ਸਾਂਝੀ ਕੋਸ਼ਿਸ਼ ਹੁੰਦੀ ਹੈ। ਜੇਕਰ ਅਸੀਂ ਇਕੱਠਿਆਂ ਕੋਈ ਫ਼ੈਸਲਾ ਲੈ ਸਕਦੇ ਹਾਂ ਤਾਂ ਇਕੱਠਿਆਂ 2024 ਦੀ ਜੰਗ ਵੀ ਲੜ ਸਕਦੇ ਹਾਂ। ਪਰ ਇਸ ਤੋਂ ਪਹਿਲਾਂ ਆਓ ਸਾਰੇ ਰਲ ਕੇ ਕੋਵਿਡ ਸੰਕਟ ਨਾਲ ਜੂਝੀਏ। ਲੋਕ ਸਭਾ ਚੋਣਾਂ ਬਾਰੇ ਬਾਅਦ ‘ਚ ਕੋਈ ਫ਼ੈਸਲਾ ਕਰ ਲਵਾਂਗੇ।”